ਖਬਰਿਸਤਾਨ ਨੈੱਟਵਰਕ- ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕੀਤੀ ਗਈ ਇੱਕ ਪੋਸਟ ਨੇ ਸਿਆਸੀ ਤੇ ਪ੍ਰਸ਼ਾਸਕੀ ਗਲਿਆਰੇ ਵਿੱਚ ਹਲਚਲ ਮਚਾ ਦਿੱਤੀ।
ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਡੀਸੀ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਡੀਸੀ ਨੂੰ ਸ਼ੋ-ਕਾਜ਼ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਡਿਪਟੀ ਕਮਿਸ਼ਨਰ ਦੇ ਟਵਿੱਟਰ (X) ਹੈਂਡਲ ਤੋਂ ਇੱਕ ਪੋਸਟ ਕੀਤੀ ਗਈ ਜਿਸ ਵਿੱਚ ਲਿਖਿਆ ਸੀ ਕਿ "ਹਰਿਤ ਕ੍ਰਾਂਤੀ ਦੇ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਸਰਹੱਦਾਂ 'ਤੇ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲਾ ਪੰਜਾਬ ਜਦੋਂ ਹੜ੍ਹ ਦੀ ਮਾਰ ਝੱਲ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਵੱਲੋਂ ਸਿਰਫ਼ ₹1600 ਕਰੋੜ ਦੀ ਰਾਹਤ ਰਕਮ ਦਾ ਐਲਾਨ ਕਰਨਾ ਪੰਜਾਬ ਨਾਲ ਵੱਡਾ ਮਜ਼ਾਕ ਹੈ।"
ਪੋਸਟ ਹੋਈ ਵਾਇਰਲ
ਜਿਵੇਂ ਹੀ ਇਹ ਟਵੀਟ ਸਾਹਮਣੇ ਆਈ, ਲੋਕਾਂ ਵੱਲੋਂ ਸਵਾਲ ਉਠਾਏ ਗਏ ਕਿ ਇੱਕ ਆਈਏਐਸ ਅਫ਼ਸਰ ਆਪਣੀ ਅਧਿਕਾਰਿਕ ਪੋਸਟ ਤੋਂ ਪ੍ਰਧਾਨ ਮੰਤਰੀ 'ਤੇ ਇੰਨੀ ਸਖ਼ਤ ਟਿੱਪਣੀ ਕਿਵੇਂ ਕਰ ਸਕਦਾ ਹੈ। ਵਿਵਾਦ ਵੱਧਣ ਤੋਂ ਬਾਅਦ ਡੀਸੀ ਰਾਹੁਲ ਚਾਬਾ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੇ ਸੋਸ਼ਲ ਮੀਡੀਆ ਹੈਂਡਲ ਆਮ ਤੌਰ 'ਤੇ ਜਨ ਸੰਪਰਕ ਅਧਿਕਾਰੀ (PRO) ਦੇ ਕੰਟਰੋਲ ਵਿੱਚ ਹੁੰਦੇ ਹਨ।
ਇਹ ਟਿੱਪਣੀ ਇੱਕ ਮੰਤਰੀ ਵੱਲੋਂ ਦਿੱਤੀ ਗਈ ਸੀ ਅਤੇ ਗਲਤੀ ਨਾਲ PRO ਵੱਲੋਂ ਅਧਿਕਾਰਿਕ ਹੈਂਡਲ ਤੋਂ ਪੋਸਟ ਕਰ ਦਿੱਤੀ ਗਈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਬੰਧਤ ਜਨ ਸੰਪਰਕ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ, ਮਾਮਲੇ ਦੀ ਜਾਂਚ ਜਾਰੀ ਹੈ।