ਖਬਰਿਸਤਾਨ ਨੈੱਟਵਰਕ, ਜਲੰਧਰ : ਮਾਡਲ ਹਾਊਸ ਦੇ ਰਾਜਪੂਤ ਨਗਰ 'ਚ ਸ਼ਨੀਵਾਰ ਰਾਤ ਕਰੀਬ 3.30 ਵਜੇ ਚੋਰਾਂ ਨੇ ਇਕ NRI ਦੇ ਘਰ 'ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਦਸੱਦੀਏ ਕਿ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ । ਕੈਮਰੇ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਾਲੇ ਕੱਪੜੇ ਪਹਿਨੇ ਅਤੇ ਮੂੰਹ ਢਕੇ ਹੋਏ ਦੋ ਚੋਰਾਂ ਨੇ ਘਰ ਦੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਕਰੀਬ 45 ਮਿੰਟ ਤੱਕ ਚੋਰੀ ਕੀਤੀ। ਜਾਣਕਾਰੀ ਸਾਂਝਾ ਕਰਦਿਆਂ ਦਸੱਦੀਏ ਕਿ NRI ਨੇ ਇਹ ਮਕਾਨ ਕਿਰਾਏ 'ਤੇ ਦਿੱਤਾ ਹੈ, ਉਹ ਖੁਦ ਇੱਥੇ ਨਹੀਂ ਰਹਿੰਦਾ। ਕਿਰਾਏਦਾਰ ਵੀ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਐਤਵਾਰ ਸਵੇਰੇ ਘਰ ਵਾਪਸ ਆ ਕੇ ਦੇਖਿਆ ਕਿ ਘਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਤੁਰੰਤ ਥਾਣਾ 5 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਐਨਆਰਆਈ ਮਰਹੂਮ ਬਲਬੀਰ ਸਿੰਘ ਦੇ ਭਤੀਜੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਚਚੇਰੇ ਭਰਾ ਸਤਬੀਰ ਸਿੰਘ ਅਤੇ ਜਸਬੀਰ ਸਿੰਘ ਵਿਦੇਸ਼ ਵਿੱਚ ਹਨ। ਸਤਬੀਰ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਜਸਬੀਰ ਸਿੰਘ 4 ਮਹੀਨੇ ਪਹਿਲਾਂ ਇੰਗਲੈਂਡ ਗਿਆ ਸੀ। ਹੁਣ ਉਸਦਾ ਪਰਿਵਾਰ ਘਰ ਦੀ ਦੇਖਭਾਲ ਕਰਦਾ ਹੈ। ਸਤਬੀਰ ਨੇ ਮਕਾਨ ਦੇ ਹੇਠਾਂ ਇੱਕ ਕਮਰਾ ਕਿਰਾਏਦਾਰ ਰਾਜ ਚੌਹਾਨ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ।
ਚੋਰਾਂ ਨੇ ਡੇਢ ਘੰਟੇ ਤੱਕ ਆਸਾਨੀ ਨਾਲ ਕੀਤੀ ਚੋਰੀ
ਮਿਲੀ ਜਾਣਕਾਰੀ ਦੇ ਅਨੁਸਾਰ ਸੀਸੀਟੀਵੀ ਕੈਮਰੇ 'ਚ ਸ਼ਨੀਵਾਰ ਰਾਤ ਕਰੀਬ 3.30 ਵਜੇ ਦੋ ਨੌਜਵਾਨ ਮੇਨ ਗੇਟ ਦਾ ਤਾਲਾ ਤੋੜ ਕੇ ਐਨਆਰਆਈ ਦੇ ਘਰ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਅੰਦਰ ਜਾਂਦੇ ਹੀ ਉਨ੍ਹਾਂ ਨੇ ਲੱਕੜ ਦੇ ਦਰਵਾਜ਼ੇ ਨੂੰ ਕਾਂਬਾ ਨਾਲ ਤੋੜ ਦਿੱਤਾ ਅਤੇ ਫਿਰ ਕਮਰੇ ਵਿਚ ਜਾ ਕੇ ਸੰਦੂਕ ਅਤੇ ਅਲਮਾਰੀ ਵਾਲੀ ਜੱਗ ਤੇ ਚੋਰੀ ਕੀਤੀ । ਦਸੱਦੀਏ ਕਿ ਚੋਰਾਂ ਨੇ ਪਹਿਲਾਂ ਕਿਰਾਏਦਾਰ ਰਾਜ ਦੇ ਕਮਰੇ ਵਿੱਚ ਜਾ ਕੇ ਚੋਰੀ ਕੀਤੀ । ਇਸ ਤੋਂ ਬਾਅਦ ਬਾਕੀ ਕਮਰਿਆਂ ਵਿੱਚੋਂ ਸਾਮਾਨ ਚੋਰੀ ਕੀਤਾ । ਵਰਿੰਦਰ ਨੇ ਚੋਰੀ ਦੀ ਸਾਰੀ ਘਟਨਾ ਆਪਣੇ ਦੋ ਐਨਆਈਆਈ ਭਰਾਵਾਂ ਨੂੰ ਵੀਡੀਓ ਕਾਲ ਰਾਹੀਂ ਦਿਖਾਈ।
ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਟਮਾਟਰ ਵੀ ਹੋ ਗਏ ਚੋਰੀ
ਚੋਰਾਂ ਨੇ ਪਰਵਾਸੀ ਭਾਰਤੀ ਦੇ ਘਰੋਂ ਨਾ ਸਿਰਫ਼ ਕਰੀਬ 8-10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਗੋਂ ਕਿਰਾਏਦਾਰ ਦੇ ਘਰ ਵਿੱਚ ਰੱਖੀ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਲਈ। ਇੰਨਾ ਹੀ ਨਹੀਂ ਚੋਰਾਂ ਨੇ ਇਨ੍ਹੀਂ ਦਿਨੀਂ ਮਹਿੰਗੀਆਂ ਸਬਜ਼ੀਆਂ ਵੀ ਮੁਫਤ 'ਚ ਇਕੱਠੀਆਂ ਕਰ ਲਈਆਂ। ਟਮਾਟਰਾਂ ਦੇ ਨਾਲ-ਨਾਲ ਕੋਲਡ ਡਰਿੰਕ ਦੀ ਬੋਤਲ ਵੀ ਲੈ ਗਏ। ਪੂਜਾ ਕਮਰੇ ਵਿੱਚ ਚੜ੍ਹਾਵੇ ਵਜੋਂ ਰੱਖੇ ਪੈਸੇ ਅਤੇ ਚਾਂਦੀ ਦੇ ਭਾਂਡੇ ਵੀ ਚੋਰੀ ਕਰ ਲਏ ਗਏ।
ਰਾਜ ਚੌਹਾਨ ਆਪਣੇ ਪਰਿਵਾਰ ਨਾਲ ਗਿਆ ਹੋਇਆ ਸੀ ਅੰਮ੍ਰਿਤਸਰ
ਕਿਰਾਏਦਾਰ ਰਾਜ ਚੌਹਾਨ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਮਕਾਨ ਵਿੱਚ ਕਿਰਾਏ ’ਤੇ ਰਹਿ ਰਿਹਾ ਹੈ। ਉਨ੍ਹਾਂ ਕੋਲ ਸਿਰਫ਼ ਇੱਕ ਕਮਰਾ ਹੈ। ਉਹ ਸ਼ਨੀਵਾਰ ਨੂੰ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਐਤਵਾਰ ਸਵੇਰੇ ਹੀ ਘਰ ਪਰਤਿਆ। ਫਿਰ ਪਤਾ ਲੱਗਾ ਕਿ ਮੇਨ ਗੇਟ ਖੁੱਲ੍ਹਾ ਸੀ ਤੇ ਸਾਰੇ ਦਰਵਾਜ਼ੇ ਟੁੱਟੇ ਹੋਏ ਸਨ। ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਦੇ ਕਮਰੇ ਵਿੱਚੋਂ 10 ਹਜ਼ਾਰ ਰੁਪਏ ਵੀ ਚੋਰੀ ਹੋ ਗਏ।
ਪੁਲਿਸ ਸੀਸੀਟੀਵੀ ਕੈਮਰਿਆਂ ਦੀ ਕਰ ਰਹੀ ਜਾਂਚ
ਥਾਣਾ 5 ਤੋਂ ਪੁਲਿਸ ਮੁਲਾਜ਼ਮ ਕੁਲਵੰਤ ਸਿੰਘ ਪੁੱਜੇ। ਉਸ ਨੇ ਘਰ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਉਨ੍ਹਾਂ ਦੱਸਿਆ ਕਿ ਇਸ ਫੁਟੇਜ ਤੋਂ ਅਜੇ ਤੱਕ ਚੋਰਾਂ ਦੀ ਪਛਾਣ ਨਹੀਂ ਹੋ ਰਹੀ ਹੈ। ਚੋਰਾਂ ਨੇ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜਨ ਅਤੇ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।