ਖਬਰਿਸਤਾਨ ਨੈਟਵਰਕ: ਨਿਊਰੋ ਤੇ ਕਾਰਡਿਓ ਸਂਬਂਧੀ ਬਿਮਾਰੀਆਂ ਨਾਲ ਜੁੱਝ ਰਹੇ ਲੋਕਾਂ ਵਾਸਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਿੱਤੀ ਤੌਰ ਤੇ ਕਮਜ਼ੋਰ ਲੋਕ ਜੋ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕਾਰਡੀਓ ਅਤੇ ਨਿਊਰੋ ਨਾਲ ਸੰਬੰਧਿਤ ਬਿਮਾਰੀਆਂ ਦਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਨੂੰ ਵੱਡੀ ਰਾਹਤ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਜ਼ਿਲ੍ਹਾ ਹਸਪਤਾਲਾਂ ਵਿੱਚ ਕਾਰਡੀਐਕ ਅਤੇ ਨਿਊਰੋ ਸਰਜਰੀਆਂ ਸ਼ੁਰੂ ਕੀਤੀਆਂ ਜਾਣਗੀਆਂ ।
ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼ ਆਫ਼ ਇੰਡੀਆ ਵਲੋਂ ਕਰਵਾਈ ਗਈ ਕਾਨਫਰੰਸ ਪਿੱਛੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਸਪਤਾਲਾਂ ਵਿੱਚ ਸੁਪਰ ਸਪੈਸ਼ਿਲਟੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਲਦ ਹੀ ਕ੍ਰਿਟੀਕਲ ਕੇਅਰ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ ਜਿਥੇ ਕਾਰਡੀਓਲੋਜੀ, ਨਿਊਰੋ ਸਰਜਰੀ, ਆਰਥੋਪੈਡਿਕਸ, ਆਈ.ਸੀ.ਸੀ., ਅਤੇ ਟਰੌਮਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕ੍ਰਿਟੀਕਲ ਕੇਅਰ ਯੂਨਿਟਾਂ ਨੂੰ ਮੈਡੀਕਲ ਕਾਲਜਾਂ ਨਾਲ ਜੋੜਿਆ ਜਾਵੇਗਾ ਇਸ ਤਰ੍ਹਾਂ ਬਿਹਤਰੀਨ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਗੋਚਰੇ ਹੋਣਗੀਆਂ ਅਤੇ ਲੋਕਾਂ ਨੂੰ ਆਪਣੀ ਬੱਚਤ ਇਲਾਜ ’ਤੇ ਖ਼ਰਚ ਨਹੀਂ ਕਰਨੀ ਪਵੇਗੀ।
ਮਹੀਨੇ ਚ ਸ਼ੁਰੂ ਕੀਤੀ ਜਵੇਗੀ ਫਰਿਸ਼ਤੇ ਸਕੀਮ
ਡਾ.ਬਲਬੀਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਿਸੇ ਸੜਕੀ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ 24 ਘੰਟਿਆਂ ਦੌਰਾਨ ਜਰੂਰੀ ਡਾਕਟਰੀ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਸਂਬਂਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਦੁਰਘਟਨਾ ਗ੍ਰਸਤ ਮਰੀਜ਼ ਦੀ ਪਹਿਲੇ ਘੰਟੇ ਦੌਰਾਨ ਜਾਨ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਵੀ ਹੋਰ ਅਸਰਦਾਰ ਬਣਾਇਆ ਜਾਵੇਗਾ ਜੋ ਕਿ ਮਰੀਜ਼ ਦੀ ਜਾਨ ਬਚਾਉਣ ਲਈ ਬਹੁਤ ਹੀ ਮਹੱਤਵਪੂਰਨ ਸਮਾਂ ਹੁੰਦਾ ਹੈ।
ਦੁਰਘਟਨਾ ਤੋਂ ਸ਼ਿਕਾਰ ਹੋਏ ਲੋਕਾਂ ਨੂੰ ਮਾਣਭੱਤਾ ਦਿੱਤਾ ਜਾਵੇਗਾ
ਇਸ ਮੌਕੇ ਤੇ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੁਰਘਟਨਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲ ਲਿਆਉਣ ਅਤੇ ਦਾਖਲ ਕਰਵਾਉਣ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਮਾਣਭੱਤਾ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਤੋਂ ਕੰਮ ਦੇ ਭਾਰ ਨੂੰ ਘਟਾਉਂਦਿਆਂ ਹੁਣ ਤੱਕ 664 ਆਮ ਆਦਮੀ ਕਲੀਨਿਕਾਂ ਵਿੱਚ 50 ਲੱਖ ਲੋਕਾਂ ਦਾ ਉਨ੍ਹਾਂ ਦੇ ਘਰਾਂ ਦੇ ਨੇੜੇ ਇਲਾਜ ਕੀਤਾ ਜਾ ਚੁੱਕਾ ਹੈ।
ਦੱਸ ਦਈਏ ਕਿ ਆਧੁਨਿਕ ਆਮ ਆਦਮੀ ਕਲੀਨਿਕਾਂ ਵਿੱਚ 38 ਤਰ੍ਹਾਂ ਦੇ ਟੈਸਟ ਅਤੇ 94 ਤਰ੍ਹਾਂ ਦੀਆਂ ਵੱਖ-ਵੱਖ ਦਵਾਈਆਂ ਮਰੀਜਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਸ ਆਫ਼ ਇੰਡੀਆ ਵਲੋਂ ਵਰਲਡ ਪੇਸੈਂਟ ਸੇਫ਼ਟੀ ਡੇਅ ਮੌਕੇ ਕਾਨਫਰੰਸ ਕਰਵਾਉਣ ਦੀ ਭਰਪੂਰ ਸ਼ਲਾਘਾ ਵੀ ਕੀਤੀ।