ਪਟਿਆਲਾ ਦੇ ਨਾਭਾ ਵਿੱਚ ਇੱਕ 26 ਸਾਲਾ ਜਿਮ ਟ੍ਰੇਨਰ ਦਾ ਉਸ ਦੇ ਦੋਸਤਾਂ ਨੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਕੋਤਵਾਲੀ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ 'ਤੇ 6 ਦੋਸਤਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
ਦੋਸਤਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ
ਮੁਲਜ਼ਮਾਂ ਵਿੱਚ ਬਲਵਿੰਦਰ ਧਨੋਆ, ਸਿਕੰਦਰ, ਹੈਰੀ, ਸੋਨੀ ਅਤੇ ਠੁੱਲੀ ਸ਼ਾਮਲ ਹਨ। ਜਿਮ ਟਰੇਨਰ ਦੀ ਪਤਨੀ ਮਨਜੀਤ ਕੌਰ, ਭੈਣ ਮਾਹੀ ਅਤੇ ਮਾਂ ਸੁਰਜੀਤ ਕੌਰ ਨੇ ਦੱਸਿਆ ਕਿ 10 ਫਰਵਰੀ ਨੂੰ ਮੁਲਜ਼ਮ ਬਲਵਿੰਦਰ ਧਨੋਆ ਆਪਣੇ ਸਾਥੀਆਂ ਨਾਲ ਮਿਲ ਕੇ ਹਰਪ੍ਰੀਤ ਨੂੰ ਘਰੋਂ ਚੁੱਕ ਕੇ ਲੈ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਹਰਪ੍ਰੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ।
ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਕਈ ਦਿਨਾਂ ਤੱਕ ਕੋਮਾ 'ਚ ਰਹਿਣ ਤੋਂ ਬਾਅਦ ਸੋਮਵਾਰ ਨੂੰ ਜਿਮ ਟ੍ਰੇਨਰ ਦੀ ਮੌਤ ਹੋ ਗਈ।
ਫਿੱਟਨੈੱਸ ਦੇਖ ਕੇ ਦੋਸਤ ਕਰਦੇ ਸਨ ਈਰਖਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਰਪ੍ਰੀਤ ਸਿੰਘ ਦੇ ਦੋਸਤ ਉਸ ਦੀ ਚੰਗੀ ਫਿੱਟਨੈੱਸ ਦੇਖ ਕੇ ਈਰਖਾ ਕਰਦੇ ਸਨ। ਉਹ ਲੋਕ ਕਿਸੇ ਵੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਇਕੱਠੇ ਜਾਂਦੇ ਸਨ ਤਾਂ ਉਥੇ ਹਰਪ੍ਰੀਤ ਸਿੰਘ ਦੀ ਬਾਡੀ ਨੂੰ ਕਾਫੀ ਸਰਾਹਿਆ ਜਾਂਦਾ ਸੀ। ਲੋਕ ਉਸ ਨਾਲ ਸੈਲਫੀਆਂ ਲੈਣ ਆਉਂਦੇ ਸਨ। ਇਸੇ ਈਰਖਾ ਕਾਰਨ ਦੋਸਤਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪਰਿਵਾਰ ਨੇ ਦੋਸ਼ੀਆਂ ਲਈ ਕੀਤੀ ਫਾਂਸੀ ਦੀ ਮੰਗ
ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪਹਿਲਾਂ ਦੋਸ਼ੀਆਂ ਖਿਲਾਫ 307 ਦਾ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਹਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ 302 ਦਾ ਕੇਸ ਦਰਜ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।