ਕਪੂਰਥਲਾ 'ਚ ਦੋ ਬੱਸਾਂ ਦੀ ਆਪਸ ਵਿਚ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਸਕੂਲ ਬੱਸ ਅਤੇ ਪ੍ਰਾਈਵੇਟ ਬੱਸ ਦੀ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਔਰਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਐਸਜੀਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਕੂਲ ਬੱਸ ਦਾ ਡਰਾਈਵਰ ਫਰਾਰ ਹੋ ਗਿਆ।
ਸੁਭਾਨਪੁਰ ਰੋਡ 'ਤੇ ਵਾਪਰਿਆ ਹਾਦਸਾ
ਇਹ ਸੜਕ ਹਾਦਸਾ ਸੁਭਾਨਪੁਰ ਰੋਡ 'ਤੇ ਪਿੰਡ ਬੂਟ ਨੇੜੇ ਵਾਪਰਿਆ। ਬਾਦਸ਼ਾਹਪੁਰ ਚੌਕੀ ਦੇ ਪੁਲਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਦੇ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਦੇ ਜ਼ਖਮੀ ਕੇਅਰਟੇਕਰ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪੁਲਸ ਜਾਂਚ ਵਿੱਚ ਜੁਟੀ
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪਿੰਡ ਬੂਟ ਨੇੜੇ ਕੈਂਬਰਿਜ ਸਕੂਲ ਬੱਸ (ਪੀਬੀ-08-ਕੇਐਫ-2453) ਅਤੇ ਇਕ ਹੋਰ ਬੱਸ (ਪੀਬੀ-08-ਸੀਡਬਲਯੂ-0717) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।