ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅੱਜ ਜਲੰਧਰ ਪਹੁੰਚ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕਈ ਥਾਵਾਂ ’ਤੇ ਘਰਾਂ, ਸਕੂਲਾਂ ਅਤੇ ਸਰਕਾਰੀ ਇਮਾਰਤਾਂ ਦਾ ਨਿਰੀਖਣ ਕੀਤਾ। ਜਿੱਥੇ ਉਨ੍ਹਾਂ ਨੇ ਸਾਰੀਆਂ ਥਾਵਾਂ 'ਤੇ ਪਾਣੀ ਦੀ ਵਿਵਸਥਾ ਨੂੰ ਸਮਝਿਆ ਅਤੇ ਜਾਂਚ ਕੀਤੀ ਕਿ ਡੇਂਗੂ ਫੈਲਣ ਵਰਗੀ ਸਥਿਤੀ ਤਾਂ ਪੈਦਾ ਨਹੀਂ ਹੋਈ।
ਉਨ੍ਹਾਂ ਨੇ ਇੱਕ ਘਰ ਦੀ ਛੱਤ 'ਤੇ ਜਾ ਕੇ ਦੇਖਿਆ ਉੱਥੇ ਗੰਦੇ ਪਾਣੀ ਭਰਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਉਕਤ ਜਗ੍ਹਾ ਦੀ ਸਫਾਈ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਜਲੰਧਰ ਦੇ ਡੀਸੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੰਤਰੀ ਦੇ ਨਾਲ ਮੌਜੂਦ ਸਨ।
ਡੇਂਗੂ ਨੂੰ ਲੈ ਕੇ ਹਦਾਇਤਾਂ ਕੀਤੀਆਂ ਜਾਰੀ
ਉਨ੍ਹਾਂ ਨੇ ਦੱਸਿਆ ਕਿ ਜਲੰਧਰ 'ਚ ਅੱਜ ਘਰਾਂ, ਸਕੂਲਾਂ ਤੇ ਕਈ ਸਰਕਾਰੀ ਅਦਾਰਿਆਂ 'ਚ ਚੈਕਿੰਗ ਕੀਤੀ ਗਈ| ਉਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ 70 ਫੀਸਦੀ ਕਮੀ ਆਈ ਹੈ ਅਤੇ ਹੁਣ ਤੱਕ ਸਿਰਫ਼ ਇੱਕ ਮੌਤ ਹੋਈ ਹੈ। ਪਿਛਲੇ ਸਾਲਾਂ ਵਿੱਚ ਇਸ ਸਮੇਂ ਪੂਰੇ ਪੰਜਾਬ ਵਿੱਚ ਹਾਹਾਕਾਰ ਮੱਚ ਜਾਂਦੀ ਸੀ।
ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫੁਲ ਸਲੀਵ ਕੱਪੜੇ ਪਾਉਣੇ, ਘਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਸਮੇਤ ਹੋਰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਡੇਂਗੂ ਦੇ ਕੇਸ ਘੱਟ ਹੋਣਗੇ।