ਖ਼ਬਰਿਸਤਾਨ ਨੈੱਟਵਰਕ- ਮਹਾਰਾਸ਼ਟਰ ਤੋਂ ਰੂਹ ਕੰਬਾਊ ਵਾਰਦਾਤ ਦਾ ਪਤਾ ਲੱਗਾ ਹੈ, ਜਿਥੇ ਪਿਤਾ ਨੇ ਮਾਸੂਮ ਧੀ ਦਾ ਚਾਕਲੇਟ ਮੰਗਣ ਉਤੇ ਕਤਲ ਕਰ ਦਿੱਤਾ। ਮਾਮਲਾ ਲਾਤੂਰ ਜ਼ਿਲ੍ਹੇ ਦਾ ਹੈ, ਜਿਥੇ ਇੱਕ ਸ਼ਰਾਬੀ ਪਿਤਾ ਨੇ ਐਤਵਾਰ ਨੂੰ ਆਪਣੀ ਚਾਰ ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਧੀ ਨੇ ਮੰਗੀ ਚਾਕਲੇਟ, ਪਿਓ ਨੇ ਦਿੱਤੀ ਮੌਤ
ਰਿਪੋਰਟ ਮੁਤਾਬਕ ਮਾਸੂਮ ਧੀ ਨੇ ਮੁਲਜ਼ਮ ਤੋਂ ਚਾਕਲੇਟ ਖਰੀਦਣ ਲਈ ਪੈਸੇ ਮੰਗੇ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਕੁੜੀ ਦੀ ਮਾਂ ਘਰ ਨਹੀਂ ਸੀ। ਜਦੋਂ ਔਰਤ ਨੂੰ ਧੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ। ਪੁਲਿਸ ਨੇ ਦੋਸ਼ੀ ਬਾਲਾਜੀ ਰਾਠੌੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ਵਿਚ ਰਹਿੰਦਾ ਸੀ ਲੜਾਈ ਝਗੜਾ
ਪੁਲਸ ਅਨੁਸਾਰ, ਕਤਲ ਦੀ ਘਟਨਾ ਐਤਵਾਰ ਨੂੰ ਲਾਤੂਰ ਜ਼ਿਲ੍ਹੇ ਦੇ ਉਦਗੀਰ ਤਾਲੁਕਾ ਦੇ ਭੀਮਾ ਟਾਂਡਾ ਵਿੱਚ ਵਾਪਰੀ। ਦੋਸ਼ੀ ਬਾਲਾਜੀ ਰਾਠੌੜ ਸ਼ਰਾਬ ਪੀਣ ਦਾ ਆਦੀ ਸੀ। ਇਸ ਕਾਰਨ ਉਸਦੇ ਪਰਿਵਾਰ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਐਤਵਾਰ ਨੂੰ ਵੀ ਲੜਾਈ ਤੋਂ ਬਾਅਦ ਬਾਲਾਜੀ ਦੀ ਪਤਨੀ ਵਰਸ਼ਾ ਉਸ ਨੂੰ ਛੱਡ ਕੇ ਆਪਣੇ ਪਿਤਾ ਦੇ ਘਰ ਰਹਿਣ ਚਲੀ ਗਈ। ਦੁਪਹਿਰ ਨੂੰ, ਉਸ ਦੀ ਧੀ ਆਰੂਸ਼ੀ ਨੇ ਚਾਕਲੇਟ ਖਰੀਦਣ ਲਈ ਪੈਸੇ ਮੰਗੇ। ਜਦੋਂ ਬਾਲਾਜੀ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਬੱਚੀ ਜ਼ਿੱਦ ਕਰਨ ਲੱਗੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪਿਤਾ ਨੇ ਸਾੜੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਦੋਸ਼ੀ ਪਿਤਾ ਗ੍ਰਿਫਤਾਰ
ਜਦੋਂ ਮਾਂ ਵਰਸ਼ਾ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਵਰਸ਼ਾ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਸ਼ਾ ਨੇ ਆਪਣੇ ਪਤੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।ਉਥੇ ਪੁਲਸ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।