ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ| ਨਸ਼ਾ ਤਸਕਰਾਂ ਦੇ ਘਰਾਂ 'ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ| ਇਸੇ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਮਾਨਸਾ 'ਚ ਮਹਿਲਾ ਪੁਲਿਸ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ| ਤਲਾਸ਼ੀ ਦੌਰਾਨ ਮਹਿਲਾ ਦੀ ਥਾਰ 'ਚ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਕਾਂਸਟੇਬਲ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਚੌਂਕੀ ਵਰਤਮਾਨ ਅਤੇ ਐਨਜੀਟੀਐਫ ਦੀ ਟੀਮ ਵੱਲੋਂ ਲਾਡਲੀ ਧੀ ਚੌਂਕ ਦੇ ਨੇੜੇ ਓਵਰ ਬ੍ਰਿਜ ਥੱਲੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਥਾਰ ਵਿੱਚ ਸਵਾਰ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਰੋਕ ਕੇ ਜਦੋਂ ਥਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 17.71 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਉਕਤ ਮਹਿਲਾ ਕਾਂਸਟੇਬਲ ਇੰਟਰਾਗ੍ਰਾਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ | ਉਸ ਨੇ ਕਈ ਵਾਰ ਪੁਲਿਸ ਦੀ ਵਰਦੀ ਵਿਚ ਅਤੇ ਥਾਰ ਨਾਲ ਕਈ ਰੀਲਾਂ ਇੰਸਟਾਗ੍ਰਾਮ ਉੱਤੇ ਅਪਲੋਡ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਪਹਿਲਾਂ ਵੀ ਇਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਵੱਡੇ ਲੋਕਾਂ ਦੀ ਸਿਫ਼ਾਰਸ਼ ਨਾਲ ਮੁੜ ਬਠਿੰਡਾ ਪੁਲਿਸ ਲਾਈਨ ‘ਚ ਟੈਂਪਰੇਰੀ ਅਟੈਚਮੈਂਟ 'ਤੇ ਤਾਇਨਾਤ ਹੋ ਗਈ।