ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। ਇਸ ਚੋਣ ਵਿੱਚ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਤਿੰਨ ਸੀਟਾਂ 'ਚੋਂ ਕਾਂਗਰਸ ਨੇ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਭਾਜਪਾ ਨੂੰ ਸਿਰਫ ਇਕ ਸੀਟ 'ਤੇ ਜਿੱਤ ਮਿਲੀ ਹੈ।
ਕਾਂਗਰਸ ਨੇ ਦੋ ਸੀਟਾਂ 'ਤੇ ਕੀਤੀ ਜਿੱਤ ਦਰਜ
ਹਿਮਾਚਲ ਦੀਆਂ ਤਿੰਨ ਸੀਟਾਂ- ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ 'ਤੇ ਜ਼ਿਮਨੀ ਚੋਣਾਂ ਲਈ 10 ਜੁਲਾਈ ਨੂੰ ਵੋਟਿੰਗ ਹੋਈ ਸੀ।ਦੇਹਰਾ, ਨਾਲਾਗੜ੍ਹ ਅਤੇ ਹਮੀਰਪੁਰ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਈਆਂ ਹਨ। ਕਾਂਗਰਸ ਨੇ ਡੇਹਰਾ ਅਤੇ ਨਾਲਾਗੜ੍ਹ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਹਮੀਰਪੁਰ ਸੀਟ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਡੇਹਰਾ ਤੋਂ ਕਾਂਗਰਸ ਉਮੀਦਵਾਰ ਅਤੇ ਸੀਐਮ ਸੁਖਵਿੰਦਰ ਸਿੰਘ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਦਰਜ ਕੀਤੀ ਹੈ। ਨਾਲਾਗੜ੍ਹ ਸੀਟ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਬਾਵਾ ਜੇਤੂ ਰਹੇ ਹਨ।
ਬੀਜੇਪੀ 'ਤੇ ਸਾਧਿਆ ਨਿਸ਼ਾਨਾ
ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਨਾਲ ਇਹ ਸੰਦੇਸ਼ ਵੀ ਗਿਆ ਕਿ ਸੂਬੇ ਦੇ ਲੋਕ ਜਾਗਰੂਕ ਹਨ ਅਤੇ ਇਸ ਤਰ੍ਹਾਂ ਦੀ ਚਲਾਕੀ ਨਹੀਂ ਚੱਲੇਗੀ। ਮੈਂ ਦੋਵਾਂ ਉਮੀਦਵਾਰਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਤਿੰਨੋਂ ਸੀਟਾਂ ਭਾਜਪਾ ਦੇ ਗੜ੍ਹ ਹਨ ਅਤੇ ਇਨ੍ਹਾਂ ਵਿੱਚੋਂ ਦੋ ਅਸੀਂ ਜਿੱਤੇ ਹਨ, ਜੋ ਕਿ ਵੱਡੀ ਗੱਲ ਹੈ।
ਦੱਸ ਦੇਈਏ ਕਿ ਦੇਹਰਾ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਂਗਰਸ ਦੀ ਕਮਲੇਸ਼ (53), ਜੋ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਵੀ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੁਸ਼ਿਆਰ ਸਿੰਘ (57) ਅਤੇ ਆਜ਼ਾਦ ਉਮੀਦਵਾਰ ਸੁਲੇਖਾ ਦੇਵੀ (59), ਅਰੁਣ ਅੰਕੇਸ਼ ਸਿਆਲ (34) ਅਤੇ ਐਡਵੋਕੇਟ ਸੰਜੇ ਸ਼ਰਮਾ (56) ਚੋਣ ਮੈਦਾਨ ਵਿਚ ਹਨ।
ਹਮੀਰਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਆਸ਼ੀਸ਼ ਸ਼ਰਮਾ (37), ਕਾਂਗਰਸ ਦੇ ਡਾ. ਪੁਸ਼ਪਿੰਦਰ ਵਰਮਾ (48) ਅਤੇ ਆਜ਼ਾਦ ਉਮੀਦਵਾਰ ਪ੍ਰਦੀਪ ਕੁਮਾਰ (58) ਅਤੇ ਨੰਦ ਲਾਲ ਸ਼ਰਮਾ (64) ਚੋਣ ਮੈਦਾਨ ਵਿਚ ਹਨ।
ਨਾਲਾਗੜ੍ਹ ਵਿਧਾਨ ਸਭਾ ਸੀਟ ਤੋਂ ਹਰਦੀਪ ਸਿੰਘ ਬਾਵਾ (44), ਭਾਜਪਾ ਦੇ ਕੇ. ਐਲ. ਠਾਕੁਰ (64), ਸਵਾਭਿਮਾਨ ਪਾਰਟੀ ਦੇ ਕਿਸ਼ੋਰੀ ਲਾਲ ਸ਼ਰਮਾ (46) ਅਤੇ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ (48), ਹਰਪ੍ਰੀਤ ਸਿੰਘ (36) ਅਤੇ ਵਿਜੇ ਸਿੰਘ (36) ਚੋਣ ਲੜ ਰਹੇ ਹਨ।
ਦੱਸਣਯੋਗ ਹੈ ਕਿ ਤਿੰਨ ਸੀਟਾਂ ਆਜ਼ਾਦ ਵਿਧਾਇਕਾਂ ਹੁਸ਼ਿਆਰ ਸਿੰਘ (ਦੇਹਰਾ), ਆਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇ. ਐੱਲ. ਠਾਕੁਰ (ਨਾਲਾਗੜ੍ਹ) ਦੇ 22 ਮਾਰਚ ਨੂੰ ਸੰਸਦ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਇਨ੍ਹਾਂ ਵਿਧਾਇਕਾਂ ਨੇ 27 ਫਰਵਰੀ ਨੂ ਹੋਈਆਂ ਰਾਜ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਦੇ ਪੱਖ ਵਿਚ ਵੋਟਿੰਗ ਕੀਤੀ ਸੀ। ਬਾਅਦ ਵਿਚ ਇਹ ਤਿੰਨੋਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਵਿਧਾਨ ਸਭਾ ਸਪੀਕਰ ਨੇ ਤਿੰਨ ਜੂਨ ਨੂੰ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਸਨ, ਜਿਸ ਤੋਂ ਬਾਅਦ ਤਿੰਨਾਂ ਸੀਟਾਂ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਜ਼ਿਮਨੀ ਚੋਣਾਂ ਕਰਾਉਣ ਦੀ ਲੋੜ ਪਈ।