ਹੁਸ਼ਿਆਰਪੁਰ ਦੇ ਦਸੂਹਾ 'ਚ ਬਡਾਲਾ ਮੋੜ 'ਤੇ ਬੱਜਰੀ ਨਾਲ ਲੱਦਿਆ ਟਿੱਪਰ ਦਾ ਐਕਸੀਡੈਂਟ ਹੋ ਗਿਆ। ਜਿਸ 'ਚ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀ ਲਾਸ਼ ਟਿੱਪਰ ਦੇ ਵਿਚਕਾਰ ਹੀ ਫਸ ਗਈ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ।
ਦਰੱਖਤ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਲੋਕਾਂ ਅਨੁਸਾਰ ਬੱਜਰੀ ਨਾਲ ਭਰਿਆ ਟਿੱਪਰ ਦਸੂਹਾ ਵੱਲ ਜਾ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਸਤੁੰਲਣ ਗੁਆ ਬੈਠਾ ਅਤੇ ਸਫੇਦੇ ਦੇ ਦਰੱਖਤ ਨਾਲ ਜਾ ਟਕਰਾਇਆ। ਟਿੱਪਰ ਤੇਜ਼ ਰਫਤਾਰ 'ਚ ਸੀ ਅਤੇ ਤੇਜ਼ੀ ਨਾਲ ਦਰਖਤ ਨਾਲ ਜਾ ਟਕਰਾਇਆ। ਜਿਸ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੋ ਸਕਦਾ ਸੀ ਵੱਡਾ ਹਾਦਸਾ
ਲੋਕਾਂ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਸੜਕ ਪੂਰੀ ਤਰ੍ਹਾਂ ਖਾਲੀ ਸੀ, ਨਹੀਂ ਤਾਂ ਕੋਈ ਹੋਰ ਵਾਹਨ ਇਸ ਦੀ ਲਪੇਟ 'ਚ ਆ ਜਾਂਦਾ ਅਤੇ ਵੱਡਾ ਹਾਦਸਾ ਵਾਪਰ ਸਕਦਾ ਸੀ। ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।