ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਸ਼ਰਧਾਲੂਆਂ ਦੀ ਸਹੂਲਤ ਲਈ ਚੱਲ ਰਹੀ ਬੈਟਰੀ ਕਾਰ ਸੇਵਾ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ, ਜੋ ਅੱਜ 1 ਜੁਲਾਈ ਤੋਂ ਲਾਗੂ ਹੋਵੇਗਾ। ਅੱਜ ਤੋਂ ਸ਼ਰਧਾਲੂਆਂ ਨੂੰ ਬੈਟਰੀ ਸੇਵਾ ਦਾ ਲਾਭ ਲੈਣ ਲਈ ਲਗਭਗ 27 ਫੀਸਦੀ ਜ਼ਿਆਦਾ ਭੁਗਤਾਨ ਕਰਨਾ ਪਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਅਰਧਕੁੰਵਾਰੀ ਤੋਂ ਭਵਨ ਲਈ 354 ਰੁਪਏ ਅਦਾ ਕਰਨੇ ਪੈਂਦੇ ਸਨ, ਜਦੋਂਕਿ ਵਾਧਾ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ 450 ਰੁਪਏ ਦੇਣੇ ਪੈਣਗੇ। ਵਾਪਸੀ ਲਈ ਸ਼ਰਧਾਲੂਆਂ ਨੂੰ 236 ਰੁਪਏ ਦੇਣੇ ਪੈਂਦੇ ਸਨ ਅਤੇ ਵਾਧੇ ਤੋਂ ਬਾਅਦ 300 ਰੁਪਏ ਦੇਣੇ ਪੈਣਗੇ।
ਮਾਤਾ ਵੈਸ਼ਣੋ ਦੇਵੀ ਮੰਦਰ, ਜੰਮੂ ਅਤੇ ਕਸ਼ਮੀਰ ਦੇ ਕਟੜਾ ਵਿੱਚ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਹਿੰਦੂ ਤੀਰਥ ਸਥਾਨਾਂ ਵਿੱਚੋਂ ਇੱਕ ਧਾਰਮਕ ਸਥਾਨ ਹੈ। ਸ਼੍ਰੀ ਮਾਤਾ ਵੈਸ਼ਣੋ ਦੇਵੀ ਜੀ ਦੀ ਤੀਰਥ ਯਾਤਰਾ ਨੂੰ ਹਿੰਦੂਆਂ ਲਈ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਮੰਦਰ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇੱਥੇ "ਮੂੰਹੋਂ ਮੰਗੀਆਂ ਮੁਰਾਦਾਂ ਨੂੰ ਮਾਤਾ ਰਾਣੀ ਪੂਰੀਆਂ ਕਰਦੀ ਹੈ"
ਮਾਂ ਵੈਸ਼ਣੋ ਦੇਵੀ ਮੰਦਰ ਦੀ ਪਵਿੱਤਰ ਗੁਫਾ 5,200 ਫੁੱਟ ਦੀ ਉਚਾਈ 'ਤੇ ਸਥਿਤ ਹੈ ਅਤੇ ਸ਼ਰਧਾਲੂਆਂ ਨੂੰ ਕਟੜਾ ਤੋਂ ਸ਼ੁਰੂ ਹੋ ਕੇ ਲਗਭਗ 12 ਤੋਂ 14 ਕਿਲੋਮੀਟਰ ਦੀ ਚੜ੍ਹਾਈ ਕਰਨੀ ਪੈਂਦੀ ਹੈ। ਭਵਨ 'ਤੇ ਪਹੁੰਚਣ 'ਤੇ ਸ਼ਰਧਾਲੂਆਂ ਨੂੰ ਪਾਵਨ ਅਸਥਾਨ ਭਾਵ ਪਵਿੱਤਰ ਗੁਫਾ ਦੇ ਅੰਦਰ ਦੇਵੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਗੁਫਾ ਵਿੱਚ ਦੇਵੀ ਮਾਂ ਤਿੰਨ ਪਿੰਡੀਆਂ ਦੇ ਰੂਪ ਵਿੱਚ ਬਿਰਾਜਮਾਨ ਹੈ।