ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਇਕ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਔਰਤ ਦੀ ਜਾਨ ਲੈ ਲਈ। ਘਟਨਾ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਦੀ ਹੈ, ਜਿਥੇ ਅਵਾਰਾ ਕੁੱਤਿਆਂ ਨੇ ਇਕ ਪ੍ਰਵਾਸੀ ਔਰਤ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇਥੇ ਆਵਾਰਾ ਕੁਤਿਆਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਇਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਹੈ।
ਮ੍ਰਿਤਕ ਔਰਤ ਦੀ ਪਛਾਣ
ਮ੍ਰਿਤਕ ਔਰਤ ਦੀ ਪਛਾਣ ਰਾਮ ਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਣ ਕਦੀਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਈ ਸੀ ਤਾਂ ਆਵਾਰਾ ਕੁੱਤਿਆਂ ਨੇ ਔਰਤ 'ਤੇ ਹਮਲਾ ਕਰ ਦਿੱਤਾ, ਔਰਤ ਨੂੰ ਕੁੱਤਿਆਂ ਨੇ ਇੰਨੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਿ ਹਮਲੇ ਉਸ ਦੀ ਖੋਪੜੀ ਹੀ ਦਿਖਣ ਲੱਗ ਪਈ ਸੀ, ਜਿਸ ਦੀ ਮੌਤ ਹੋ ਗਈ।
ਪਹਿਲਾਂ ਇਕ ਬੱਚਾ ਵੀ ਹੋ ਚੁੱਕਾ ਸ਼ਿਕਾਰ
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਕੁਝ ਦਿਨ ਪਹਿਲਾਂ ਅੱਸੂ ਕੁਮਾਰ ਪੁੱਤਰ ਦਿਨੇਸ਼ ਮੁਨੀ ਨਾਂ ਦੇ ਬੱਚੇ ਨੂੰ ਵੀ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਸੀ ਤੇ ਉਸ ਨੂੰ ਨੋਚ-ਨੋਚ ਕੇ ਖਾ ਲਿਆ ਸੀ। ਇਸ ਤੋਂ ਬਾਅਦ ਹੁਣ ਔਰਤ ਦੀ ਵੀ ਮੌਤ ਹੋ ਗਈ। ਜਦਕਿ ਪਿੰਕੀ ਦੇਵੀ ਪਤਨੀ ਜੋਗੀ ਮੁਨੀ ਨਾਂ ਦੀ ਔਰਤ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ।
ਪ੍ਰਸ਼ਾਸਨ ਦੇਵੇ ਇਸ ਵੱਲ ਧਿਆਨ
ਦਹਿਸ਼ਤ ਵਿਚ ਆਏ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਆਵਾਰਾ ਕੁੱਤਿਆਂ ਉਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਕਿ ਭਵਿੱਖ ਵਿੱਚ ਇਸ ਤਰ੍ਹਾ ਦੀਆਂ ਘਟਨਾਵਾਂ ਨਾ ਵਾਪਰ ਸਕਣ।