ਅਮਰੀਕਾ ਵਿਚ ਭਰਾ ਨੇ ਭਰਾ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਵਿਵਾਦ ਤੋਂ ਬਾਅਦ ਗੱਲ ਗੋਲੀਆਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਹਮਲਾਵਰ ਨੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਖੁਦਕੁਸ਼ੀ ਕਰ ਲਈ।
ਖੁਦ ਵੀ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਦੋਵੇਂ ਸਕੇ ਭਰਾ ਦੱਸੇ ਜਾ ਰਹੇ ਸਨ। ਸਕੇ ਭਰਾ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੀ ਮਾਂ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਕਤਲ ਤੋਂ ਬਾਅਦ ਕਾਤਲ ਭਰਾ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਪੂਰਥਲਾ ਦੇ ਬੇਗੋਵਾਲ ਦੇ ਪਿੰਡ ਨਰੰਗਪੁਰ ਦੇ ਰਹਿਣ ਵਾਲੇ ਸਨ।
ਘਰੇਲੂ ਵਿਵਾਦ ਦਾ ਮਾਮਲਾ
ਰਿਪੋਰਟ ਮੁਤਾਬਕ ਅਮਰੀਕਾ ਪੁਲਸ ਸ਼ਨੀਵਾਰ ਰਾਤ ਕਰੀਬ 10:30 ਵਜੇ ਵਾਰਾਦਤ ਵਾਲੇ ਘਰ ਪਹੁੰਚੀ ਤਾਂ 27 ਸਾਲਾ ਵਿਪਨਪਾਲ ਸਿੰਘ ਮੁਲਤਾਨੀ ਮਿਲਿਆ, ਜਿਸ ਦੇ ਸਰੀਰ 'ਤੇ ਗੋਲ਼ੀਆਂ ਦੇ ਕਈ ਜ਼ਖ਼ਮ ਸਨ। ਡਾਕਟਰਾਂ ਨੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ। ਉੱਥੇ ਇਕ 52 ਸਾਲਾ ਔਰਤ ਨੂੰ ਧੜ ਵਿੱਚ ਗੋਲ਼ੀ ਲੱਗਣ ਕਾਰਨ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
109ਵੇਂ ਐਵੇਨਿਊ ਅਤੇ 96ਵੀਂ ਸਟਰੀਟ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ 'ਤੇ ਪੁਲਸ ਨੂੰ 33 ਸਾਲ ਦੇ ਕਰਮਜੀਤ ਮੁਲਤਾਨੀ ਦੇ ਸਿਰ 'ਤੇ ਗੋਲ਼ੀ ਲੱਗੀ ਮਿਲੀ। ਜਾਂਚ ਅਧਿਕਾਰੀਆਂ ਨੂੰ ਉਸ ਦੇ ਸਰੀਰ ਦੇ ਕੋਲ ਇਕ ਹਥਿਆਰ ਵੀ ਮਿਲਿਆ ਹੈ।
ਜਾਣਕਾਰੀ ਅਨੁਸਾਰ ਘਰੇਲੂ ਵਿਵਾਦ ਦੇ ਚਲਦਿਆਂ ਆਪਣੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਨੂੰ ਅਤੇ ਮਾਤਾ ਨੂੰ ਗੋਲ਼ੀ ਮਾਰਨ ਤੋਂ ਬਾਅਦ ਕਰਮਜੀਤ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਫਿਲਹਾਲ ਵਾਰਦਾਤ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।