ਅਮਰੀਕਾ ਦੇ ਲਾਸ ਏਂਜਲਸ ਵਿਚ ਉਡਾਣ ਦੌਰਾਨ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਇੱਕ ਪਹੀਆ ਅਸਮਾਨ ਤੋਂ ਡਿੱਗ ਗਿਆ, ਜਿਸ ਕਾਰਨ ਜਹਾਜ਼ ਵਿੱਚ ਬੈਠੇ ਸੈਂਕੜੇ ਯਾਤਰੀਆਂ ਦੀ ਜਾਨ ਖ਼ਤਰੇ ਵਿੱਚ ਪੈ ਗਈ ਪਰ ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਬਹੁਤ ਹੀ ਸਾਵਧਾਨੀ ਨਾਲ ਜਹਾਜ਼ ਨੂੰ ਡੇਨਵਰ ਵਿੱਚ ਸੁਰੱਖਿਅਤ ਲੈਂਡ ਕਰਵਾਇਆ ਅਤੇ ਯਾਤਰੀਆਂ ਦੀ ਜਾਨ ਬਚਾਈ।
ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ
ਇਸ ਘਟਨਾ 'ਤੇ ਯੂਨਾਈਟਿਡ ਏਅਰਲਾਈਨਜ਼ ਕੰਪਨੀ ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਇਸ ਘਟਨਾ 'ਤੇ ਕਿਹਾ ਕਿ ਅਸੀਂ ਇਸ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਹਾਲਾਂਕਿ ਇਸ ਘਟਨਾ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।
ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ
ਕੰਪਨੀ ਨੇ ਅੱਗੇ ਦੱਸਿਆ ਕਿ ਜਹਾਜ਼ ਦਾ ਪਹੀਆ ਲਾਸ ਏਂਜਲਸ ਵਿੱਚ ਬਰਾਮਦ ਕਰ ਲਿਆ ਗਿਆ ਹੈ। ਘਟਨਾ ਦੇ ਸਮੇਂ ਬੋਇੰਗ 757-200 ਜਹਾਜ਼ 'ਚ 174 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਅਜਿਹਾ ਹਾਦਸਾ ਪਹਿਲਾਂ ਵੀ ਵਾਪਰ ਚੁੱਕਾ ਹੈ
ਦੱਸ ਦਈਏ ਕਿ ਇਸ ਤੋਂ ਪਹਿਲਾਂ 7 ਮਾਰਚ ਨੂੰ ਸੈਨ ਫਰਾਂਸਿਸਕੋ ਤੋਂ ਉਡਾਣ ਭਰ ਰਹੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਬੀ777-200 ਜੈੱਟ ਦਾ ਪਹੀਆ ਹਵਾ 'ਚ ਟੁੱਟ ਕੇ ਡਿੱਗ ਗਿਆ ਸੀ। ਘਟਨਾ ਕਾਰਨ ਜਹਾਜ਼ ਹਵਾਈ ਅੱਡੇ ਦੇ ਪਾਰਕਿੰਗ ਖੇਤਰ ਵਿੱਚ ਇੱਕ ਕਾਰ ਦੇ ਉੱਪਰ ਜਾ ਡਿੱਗਿਆ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ।