ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨੇ ਇਕ ਹੋਰ ਨੌਜਵਾਨ ਨੂੰ ਨਿਗਲ ਲਿਆ। ਪੁਲਸ ਨੇ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੇ ਹੱਥ ਵਿੱਚ ਇੱਕ ਸਰਿੰਜ ਲੱਗੀ ਮਿਲੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਈ.ਟੀ.ਆਈ ਰੋਡ 'ਤੇ ਸੂਏ ਨੇੜਿਓਂ ਮਿਲੀ ਲਾਸ਼
ਦੱਸ ਦੇਈਏ ਕਿ ਲਾਸ਼ ਦੀ ਪਛਾਣ ਨਹੀਂ ਹੋ ਸਕੀ ਤੇ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਆਈ.ਟੀ.ਆਈ ਰੋਡ 'ਤੇ ਸੂਏ ਨੇੜਿਓਂ ਸਾਹਮਣੇ ਆਈ ਹੈ।
ਪੁਲਸ ਨੂੰ ਮਿਲੀ ਇਕ ਐਕਟਿਵਾ
ਥਾਣਾ ਅਜਨਾਲਾ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਲਾਸ਼ ਪਈ ਹੈ। ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਲਾਸ਼ ਕੋਲ ਇੱਕ ਐਕਟਿਵਾ ਖੜ੍ਹੀ ਸੀ। ਇਸ ਦੇ ਨਾਲ ਹੀ ਨੌਜਵਾਨ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ਜਾਂ ਹਮਲੇ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਬਾਂਹ ਵਿਚ ਲੱਗੀ ਸੀ ਸਰਿੰਜ
ਜਾਣਕਾਰੀ ਅਨੁਸਾਰ ਪੁਲਸ ਨੇ ਲਾਸ਼ ਨੂੰ ਬਰਾਮਦ ਕੀਤਾ ਤਾਂ ਉਸ 'ਤੇ ਮੱਖੀਆਂ ਬੈਠ ਰਹੀਆਂ ਸਨ। ਲਾਸ਼ ਦੇ ਕੁਝ ਹਿੱਸਿਆਂ 'ਤੇ ਕੀੜੀਆਂ ਵੀ ਪਾਈਆਂ ਗਈਆਂ, ਜਿਸ ਤੋਂ ਪਤਾ ਲਗਦਾ ਹੈ ਕਿ ਲਾਸ਼ ਤਰਸਯੋਗ ਹਾਲਤ ਵਿਚ ਸੀ। ਇੰਨਾ ਹੀ ਨਹੀਂ ਨੌਜਵਾਨ ਦੀ ਬਾਂਹ 'ਤੇ ਸਰਿੰਜ ਲੱਗੀ ਹੋਈ ਸੀ। ਉਹ ਇੰਨੇ ਨਸ਼ੇ ਵਿਚ ਸੀ ਕਿ ਉਸ ਨੂੰ ਟੀਕਾ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ।
ਪੁਲਸ ਕਰ ਰਹੀ ਜਾਂਚ
ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਐਕਟਿਵਾ ਵਿੱਚ ਇੱਕ ਪਰਚੀ ਮਿਲੀ ਹੈ। ਇਸ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤਾ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ।