ਹੁਸ਼ਿਆਰਪੁਰ ਦੇ ਟਾਂਡਾ ਵਿੱਚ ਦੇਰ ਰਾਤ ਇੱਕ ਔਰਤ ਦਾ ਘਰ ਵਿੱਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਔਰਤ ਦੀ ਗਰਦਨ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਦੋਸ਼ੀ ਦੀ ਭਾਲ 'ਚ ਲੱਗੀ ਹੋਈ ਹੈ।
ਧੀ ਦੇ ਦਿਉਰ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਮ੍ਰਿਤਕ ਔਰਤ ਦੀ ਪਛਾਣ ਬਲਵਿੰਦਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਦੀ ਧੀ ਦਾ ਦਿਉਰ ਹੈ। ਦੋਸ਼ੀ ਨੇ ਪਰਿਵਾਰ ਦੀ ਆਪਸੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਸਮੇਂ ਮ੍ਰਿਤਕ ਔਰਤ ਦੀ ਨੂੰਹ ਪਰਮਿੰਦਰ ਕੌਰ ਅਤੇ ਤਿੰਨ ਮਹੀਨੇ ਦਾ ਬੱਚਾ ਘਰ ਵਿੱਚ ਸੀ।
ਮੁਲਜ਼ਮ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ
ਦੋਸ਼ੀ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਸੀ, ਜਿਸ ਦੌਰਾਨ ਉਸ ਨੇ ਬਲਵਿੰਦਰ ਕੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਘਬਰਾ ਕੇ ਨੂੰਹ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਇਆ। ਰੌਲਾ ਸੁਣ ਕੇ ਕਾਤਲ ਕੰਧ ਟੱਪ ਕੇ ਮੌਕੇ ਤੋਂ ਫਰਾਰ ਹੋ ਗਿਆ।
ਰੌਲਾ ਸੁਣ ਕੇ ਗੁਆਂਢੀ ਘਰ ਪਹੁੰਚੇ
ਰੌਲਾ ਸੁਣ ਕੇ ਗੁਆਂਢੀ ਉਨ੍ਹਾਂ ਦੇ ਘਰ ਪਹੁੰਚ ਗਏ ਪਰ ਉਦੋਂ ਤੱਕ ਬਲਵਿੰਦਰ ਕੌਰ ਦੀ ਮੌਤ ਹੋ ਚੁੱਕੀ ਸੀ। ਬਲਵਿੰਦਰ ਕੌਰ ਦੀ ਗਰਦਨ 'ਤੇ ਕਈ ਵਾਰ ਕੀਤੇ ਗਏ। ਇਸ ਕਾਰਨ ਜ਼ਿਆਦਾ ਖੂਨ ਵਹਿਣ ਕਾਰਨ ਬਲਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ, ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਔਰਤ ਦੀ ਨੂੰਹ ਪਰਮਿੰਦਰ ਕੌਰ ਦੇ ਬਿਆਨ ਦਰਜ ਕੀਤੇ।
ਸੱਸ ਦੇ ਕਾਤਲ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ
ਪਰਮਿੰਦਰ ਕੌਰ ਨੇ ਦੱਸਿਆ ਕਿ ਕਤਲ ਕਰਨ ਵਾਲਾ ਵਿਅਕਤੀ ਮ੍ਰਿਤਕ ਬਲਵਿੰਦਰ ਕੌਰ ਦੀ ਧੀ ਦਾ ਦਿਉਰ ਹੈ। ਟਾਂਡਾ ਪੁਲਸ ਨੇ ਟੀਮ ਗਠਿਤ ਕਰ ਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰਮਿੰਦਰ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਸੱਸ ਦੇ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।