ਜਲੰਧਰ 'ਚ ਇਕ ਨੌਜਵਾਨ ਦੀ ਖੇਤਾਂ ਵਿਚ ਕੰਮ ਕਰਦੇ ਸਮੇਂ ਟਰੈਕਟਰ ਹੇਠ ਆਉਣ ਕਾਰਣ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਉਦੋਂ ਵਾਪਰਿਆ ਜਦੋਂ ਖੇਤਾਂ 'ਚ ਵਾਹੀ ਕਰਦੇ ਸਮੇਂ ਨੌਜਵਾਨ ਟਰੈਕਟਰ ਦੀ ਲਪੇਟ 'ਚ ਆ ਗਿਆ।
ਪਛਾਣ
ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ (26) ਵਾਸੀ ਪਿੰਡ ਬੋਲੀਨਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰੋਮਨਦੀਪ ਦਾ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ।ਉਨ੍ਹਾਂ ਦੇ ਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕਿਵੇਂ ਵਾਪਰਿਆ ਹਾਦਸਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਰੋਮੀ ਦਾ ਪਰਿਵਾਰ ਪਿੰਡ ਬੋਲੀਨਾ ਦਾ ਜ਼ਿਮੀਂਦਾਰ ਹੈ। ਬੀਤੀ ਰਾਤ ਰੋਮੀ ਆਪਣੇ ਖੇਤ ਵਿੱਚ ਇਕੱਲਾ ਕੰਮ ਕਰ ਰਿਹਾ ਸੀ। ਰਾਤ 2 ਵਜੇ ਤੱਕ ਉਹ ਘਰ ਨਹੀਂ ਪਰਤਿਆ। ਜਦੋਂ ਉਸ ਦਾ ਫੋਨ ਨਹੀਂ ਮਿਲਿਆ ਤਾਂ ਉਸ ਦੀ ਮਾਤਾ ਪਰਮਿੰਦਰ ਕੌਰ ਨੇ ਰੋਮਨਦੀਪ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰ ਕੇ ਰੋਮੀ ਦੇ ਨਾ ਆਉਣ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪਰਮਵੀਰ ਸਿੰਘ ਨੇ ਖੇਤ 'ਚ ਜਾ ਕੇ ਦੇਖਿਆ ਤਾਂ ਰੋਮਨਦੀਪ ਟਰੈਕਟਰ ਦੇ ਟਾਇਰ ਹੇਠਾਂ ਮਰਿਆ ਪਿਆ ਮਿਲਿਆ।
ਜਾਣਕਾਰੀ ਅਨੁਸਾਰ ਜਦੋਂ ਪਰਮਵੀਰ ਖੇਤ ਵਿੱਚ ਪਹੁੰਚਿਆ ਤਾਂ ਉੱਥੇ ਖੜ੍ਹਾ ਟਰੈਕਟਰ ਸਟਾਰਟ ਸੀ। ਜਿਸ ’ਤੇ ਉਸ ਨੇ ਪਹਿਲਾਂ ਟਰੈਕਟਰ ਰੋਕ ਕੇ ਤੁਰੰਤ ਪਰਿਵਾਰਕ ਮੈਂਬਰਾਂ, ਸਰਪੰਚ ਕੁਲਵਿੰਦਰ ਬਾਘਾ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦੋਂ ਉਸ ਨੇ ਖੇਤ ਵਿੱਚ ਜਾ ਕੇ ਰੋਮੀ ਨੂੰ ਦੇਖਿਆ ਤਾਂ ਉਹ ਟਰੈਕਟਰ ਦੇ ਟਾਇਰ ਹੇਠਾਂ ਮਰਿਆ ਪਿਆ ਸੀ।
ਉਸ ਦੇ ਸਰੀਰ 'ਤੇ ਟਾਇਰ ਦੇ ਨਿਸ਼ਾਨ ਸਨ। ਉਸ ਨੇ ਦੱਸਿਆ ਕਿ ਰੋਮੀ ਖੇਤ ਵਿੱਚ ਇਕੱਲਾ ਕੰਮ ਕਰ ਰਿਹਾ ਸੀ। ਇਸ ਲਈ ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਥਾਣਾ ਪਤਾਰਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।