ਲੁਧਿਆਣਾ ਵਿੱਚ ਵਿਦਿਆਰਥੀ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਿਸ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ। ਵਿਦਿਆਰਥੀ ਦੀ ਲਾਸ਼ ਪੱਖੋਵਾਲ ਨਹਿਰ 'ਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਤੈਰਦੀ ਦੇਖ ਕੇ ਰਾਹਗੀਰਾਂ ਨੇ ਰੌਲਾ ਪਾਇਆ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਤੇ ਲੋਕਾਂ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਨਾ ਦਿੱਤੀ।
ਪਛਾਣ
ਪੁਲਸ ਨੇ ਵਿਦਿਆਰਥੀ ਦੇ ਪਰਿਵਾਰ ਨੂੰ ਪਛਾਣ ਕੇ ਸੂਚਨਾ ਦਿੱਤੀ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸਾਹਿਲ ਹੈ। ਪਤਾ ਲੱਗਾ ਹੈ ਕਿ ਸਾਹਿਲ 7ਵੀਂ ਜਮਾਤ ਦਾ ਵਿਦਿਆਰਥੀ ਸੀ। ਸਾਹਿਲ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸਾਹਿਲ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਸਾਹਿਲ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਵਿਸ਼ਾਲ ਨਗਰ 'ਚ ਰਹਿ ਰਿਹਾ ਹੈ।
ਨਹਿਰ 'ਤੇ ਗਿਆ ਸੀ ਨਹਾਉਣ
ਏਐਸਆਈ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਪਰਿਵਾਰ ਮੁਤਾਬਕ ਸਾਹਿਲ ਕੱਲ੍ਹ ਸਕੂਲ ਤੋਂ ਘਰ ਪਰਤਿਆ ਸੀ। ਉਹ ਬੈਗ ਰੱਖ ਕੇ ਨਹਿਰ 'ਤੇ ਨਹਾਉਣ ਚਲਾ ਗਿਆ। ਦੇਰ ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਸ ਦੇ ਦੋਸਤਾਂ ਤੋਂ ਵੀ ਕਾਫੀ ਪੁੱਛਗਿੱਛ ਕੀਤੀ ਗਈ ਪਰ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਲੱਗਾ।
ਪੈਰ ਤਿਲਕਣ ਕਾਰਣ ਪਾਣੀ ਵਿਚ ਰੁੜ੍ਹਿਆ
ਅੱਜ ਸਵੇਰੇ ਅਚਾਨਕ ਜਦੋਂ ਪੱਖੋਵਾਲ ਰੋਡ ਤੋਂ ਲੋਕਾਂ ਨੇ ਸੂਚਨਾ ਦਿੱਤੀ ਤਾਂ ਪਤਾ ਲੱਗਾ ਕਿ ਸਾਹਿਲ ਦੀ ਡੁੱਬਣ ਨਾਲ ਮੌਤ ਹੋ ਗਈ। ਪਤਾ ਲੱਗਾ ਕਿ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਨਹਿਰ ਵਿਚ ਰੁੜ੍ਹ ਗਿਆ। ਸਾਹਿਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।