ਫਲਾਈਟਾਂ ਵਿਚ ਬੰਬ ਮਿਲਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਤਾਜ਼ਾ ਮਾਮਲਾ ਚੰਡੀਗੜ੍ਹ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਚੰਡੀਗੜ੍ਹ ਏਅਰਪੋਰਟ ਉੱਤੇ ਫਲਾਈਟ ਵਿੱਚ ਬੰਬ ਦੀ ਖ਼ਬਰ ਨਾਲ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿਚੋਂ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਹੈਦਰਾਬਾਦ ਤੋਂ ਆਈ ਫਲਾਈਟ
ਇਹ ਜਹਾਜ਼ ਹੈਦਰਾਬਾਦ ਤੋਂ ਚੰਡੀਗੜ੍ਹ ਆਇਆ ਸੀ। ਪੁਲਸ ਵੱਲੋਂ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ ਏਅਰਪੋਰਟ ਅਥਾਰਟੀ ਵਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ, ਜਿਨ੍ਹਾਂ ਵਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਹੀ ਦਿਨ 'ਚ ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਦੀਆਂ ਫਲਾਈਟਾਂ ਨੂੰ ਮਿਲੀ ਧਮਕੀ
ਜ਼ਿਕਰਯੋਗ ਹੈ ਕਿ ਇੱਕ ਹੀ ਦਿਨ ਵਿੱਚ ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਸਮੇਤ ਕਰੀਬ 15 ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਮਿਲਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸ਼ਨੀਵਾਰ ਨੂੰ ਵੱਖ-ਵੱਖ ਉਡਾਣਾਂ 'ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਹਵਾਬਾਜ਼ੀ ਖੇਤਰ 'ਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ 5 ਉਡਾਣਾਂ ਇੰਡੀਗੋ ਦੀਆਂ, 5 ਉਡਾਣਾਂ ਅਕਾਸਾ ਏਅਰਲਾਈਨਜ਼ ਦੀਆਂ ਅਤੇ 5 ਉਡਾਣਾਂ ਏਅਰ ਇੰਡੀਆ ਦੀਆਂ ਹਨ। ਹੁਣ ਫਲਾਈਟ 'ਚ ਬੰਬ ਹੋਣ ਦੀ ਖਬਰ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਹਲਚਲ ਮਚ ਗਈ ਹੈ।
ਵਿਸਤਾਰਾ ਦੀ ਫਲਾਈਟ 'ਚ ਬੰਬ ਦੀ ਧਮਕੀ
ਇਸ ਤੋਂ ਪਹਿਲਾਂ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ 'ਤੇ ਬੰਬ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਇਸ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ ਅਤੇ ਇੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨ ਨੇ ਇਸ ਸਬੰਧੀ ਬਿਆਨ ਵੀ ਜਾਰੀ ਕੀਤਾ ਸੀ।
ਏਅਰਲਾਈਨ ਨੇ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ, ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਫਲਾਈਟ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ। ਜਿੱਥੇ ਅਧਿਕਾਰੀਆਂ ਨੇ ਫਲਾਈਟ ਦੀ ਜਾਂਚ ਕੀਤੀ, ਹਾਲਾਂਕਿ ਜਾਂਚ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।
22 ਫਲਾਈਟਾਂ ਨੂੰ ਧਮਕੀਆਂ ਮਿਲ ਚੁੱਕੀਆਂ
ਪਿਛਲੇ 6 ਦਿਨਾਂ 'ਚ ਭਾਰਤੀ ਜਹਾਜ਼ਾਂ 'ਚ ਬੰਬ ਦੀ ਧਮਕੀ ਦੀ ਇਹ 22ਵੀਂ ਘਟਨਾ ਹੈ। 14 ਤਰੀਕ ਨੂੰ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ ਧਮਕੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਏਅਰ ਇੰਡੀਆ ਅਤੇ ਦੋ ਇੰਡੀਗੋ ਦੀ ਸੀ। 15 ਅਕਤੂਬਰ ਨੂੰ 7 ਫਲਾਈਟਾਂ ਨੂੰ ਬੰਬ ਦੀ ਧਮਕੀ ਮਿਲੀ ਸੀ।