ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ, ਜਿੱਥੇ ਢੋਲ ਢਮੱਕੇ ਨਾਲ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਸ਼ੰਸਕ ਸਵੇਰ ਤੋਂ ਹੀ ਹੋਏ ਇਕੱਠੇ
ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰਨ ਲਈ ਪ੍ਰਸ਼ੰਸਕ ਸਵੇਰ ਤੋਂ ਹੀ ਏਅਰਪੋਰਟ ਦੇ ਬਾਹਰ ਇਕੱਠੇ ਹੋਏ ਸਨ। ਇਸ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਵੀ ਟੀਮ ਦਾ ਸਵਾਗਤ ਕਰਨ ਪਹੁੰਚੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਗਏ। ਅੰਮ੍ਰਿਤਸਰ ਪਹੁੰਚ ਕੇ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ ਨੇ ਨੀਲੀਆਂ ਪੱਗਾਂ ਬੰਨ੍ਹ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸਪੇਨ ਨੂੰ 2-1 ਨਾਲ ਹਰਾਇਆ
ਟੀਮ ਇੰਡੀਆ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾਇਆ ਸੀ। ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਉਹ 10 ਗੋਲਾਂ ਦੇ ਨਾਲ ਟੂਰਨਾਮੈਂਟ ਦਾ ਚੋਟੀ ਦਾ ਸਕੋਰਰ ਵੀ ਰਿਹਾ। ਹਾਕੀ ਵਿੱਚ ਭਾਰਤ ਦਾ ਇਹ ਚੌਥਾ ਕਾਂਸੀ ਦਾ ਤਗ਼ਮਾ ਸੀ।
ਭਾਰਤ ਨੇ ਓਲੰਪਿਕ ਵਿੱਚ 13ਵਾਂ ਤਮਗਾ ਜਿੱਤਿਆ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ 13ਵਾਂ ਤਮਗਾ ਜਿੱਤਿਆ ਹੈ। ਟੀਮ ਦਾ ਇਹ ਚੌਥਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਟੀਮ ਨੇ 8 ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤਿਆ ਹੈ।
ਗੋਲਡ ਤੋਂ ਖੁੰਝੀ ਟੀਮ
ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਈ। ਸੈਮੀਫਾਈਨਲ ‘ਚ ਜਰਮਨੀ ਤੋਂ 3-2 ਨਾਲ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਰਮਨੀ ਦੇ ਮਾਰਕੋ ਮਿਲਤਕੋ ਨੇ ਆਖਰੀ ਮਿੰਟ ‘ਚ ਗੋਲ ਕਰ ਕੇ ਟੀਮ ਇੰਡੀਆ ਤੋਂ ਜਿੱਤ ਖੋਹ ਲਈ। ਇਕ ਸਮੇਂ ਸਕੋਰ 2-2 ਨਾਲ ਬਰਾਬਰ ਸੀ ਪਰ ਉਸ ਦੇ ਗੋਲ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।