ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਪਹਿਲੇ ਖੋ ਖੋ ਵਿਸ਼ਵ ਕੱਪ 2025 ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਫਾਈਨਲ 'ਚ ਭਾਰਤੀ ਪੁਰਸ਼ ਟੀਮ ਨੇ ਨੇਪਾਲ ਨੂੰ 54-36 ਨਾਲ ਹਰਾਇਆ। ਜਦਕਿ ਮਹਿਲਾ ਟੀਮ ਨੇ ਨੇਪਾਲ ਨੂੰ 78-40 ਨਾਲ ਹਰਾ ਕੇ ਖਿਤਾਬ ਜਿੱਤਿਆ। ਦੱਸ ਦੇਈਏ ਕਿ ਕਪਤਾਨ ਪ੍ਰਤੀਕ ਵਾਈਕਰ ਅਤੇ ਰਾਮਜੀ ਕਸ਼ਯਪ ਦੀ ਸ਼ਾਨਦਾਰ ਪਾਰੀ ਨੇ ਪੁਰਸ਼ ਟੀਮ ਨੂੰ ਜਿੱਤ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪੰਜਾਬ ਦੇ CM ਮਾਨ ਤੇ PM ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਭਾਰਤੀ ਖੋ-ਖੋ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ "ਅੱਜ ਭਾਰਤੀ ਖੋ ਖੋ ਲਈ ਇੱਕ ਮਹਾਨ ਦਿਨ ਹੈ। ਸਾਨੂੰ ਖੋ ਖੋ ਪੁਰਸ਼ ਟੀਮ ਦੀ ਜਿੱਤ 'ਤੇ ਮਾਣ ਹੈ। ਉਨ੍ਹਾਂ ਦਾ ਸਬਰ ਅਤੇ ਸਮਰਪਣ ਸ਼ਲਾਘਾਯੋਗ ਹੈ ਅਤੇ ਇਹ ਜਿੱਤ ਖੋ ਖੋ ਨੂੰ ਨੌਜਵਾਨਾਂ ਵਿੱਚ ਹੋਰ ਵੀ ਪ੍ਰਸਿੱਧ ਬਣਾ ਦੇਵੇਗੀ।" ਮਹਿਲਾ ਟੀਮ ਬਾਰੇ ਉਨ੍ਹਾਂ ਨੇ ਲਿਖਿਆ, "ਭਾਰਤੀ ਮਹਿਲਾ ਟੀਮ ਨੂੰ ਪਹਿਲੀ ਵਾਰ ਖੋ-ਖੋ ਵਿਸ਼ਵ ਕੱਪ ਜਿੱਤਣ 'ਤੇ ਵਧਾਈਆਂ! ਇਹ ਇਤਿਹਾਸਕ ਜਿੱਤ ਉਨ੍ਹਾਂ ਦੇ ਬੇਮਿਸਾਲ ਹੁਨਰ ਅਤੇ ਟੀਮ ਵਰਕ ਦਾ ਨਤੀਜਾ ਹੈ।"
CM ਭਗਵੰਤ ਮਾਨ ਨੇ ਪੋਸਟ ਸ਼ੇਅਰ ਕਰ ਕਿਹਾ ਕਿ ਭਾਰਤੀ ਮੁੰਡਿਆਂ ਦੀ ਟੀਮ ਨੇ ਨੇਪਾਲ ਦੀ ਟੀਮ ਨੂੰ 54-36 ਨਾਲ ਹਰਾਇਆ ਤੇ ਭਾਰਤੀ ਕੁੜੀਆਂ ਦੀ ਟੀਮ ਨੇ ਨੇਪਾਲ ਦੀ ਟੀਮ ਨੂੰ 78-40 ਦੇ ਵੱਡੇ ਫ਼ਰਕ ਨਾਲ ਹਰਾ ਕੇ ਪੂਰੀ ਦੁਨੀਆ ‘ਚ ਭਾਰਤ ਵਾਸੀਆਂ ਨੂੰ ਗੌਰਵਮਈ ਅਹਿਸਾਸ ਕਰਵਾਇਆ ਹੈ। ਦੋਵੇਂ ਟੀਮਾਂ ਦੇ ਖਿਡਾਰੀਆਂ, ਕੋਚ ਸਹਿਬਾਨਾਂ ਤੇ ਬਾਕੀ ਪ੍ਰਬੰਧਕੀ ਸਟਾਫ਼ ਨੂੰ ਬਹੁਤ-ਬਹੁਤ ਮੁਬਾਰਕਾਂ।