ਦੇਸ਼ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ ਮੌਸਮ ਵਿੱਚ ਬਦਲਾਅ ਆਇਆ ਹੈ।ਮੌਸਮ ਵਿਭਾਗ ਨੇ ਵੀਰਵਾਰ ਨੂੰ ਪੱਛਮੀ ਮਾਲਵੇ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।
ਅਗਲੇ ਕੁਝ ਘੰਟਿਆਂ ਤੱਕ ਪੈਂਦਾ ਰਹੇਗਾ ਮੀਂਹ
ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਘੰਟਿਆਂ ਤੱਕ ਜਲੰਧਰ, ਪਠਾਨਕੋਟ, ਪਟਿਆਲਾ, ਮੋਹਾਲੀ, ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਸੰਗਰੂਰ, ਫਗਵਾੜਾ, ਕਪੂਰਥਲਾ ਅਤੇ ਰੋਪੜ ਵਿੱਚ ਰੁਕ-ਰੁਕ ਕੇ ਮੀਂਹ ਪਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਦਸੰਬਰ ਤੋਂ ਵਧੇਗੀ ਠੰਢ
ਪੰਜਾਬ ਵਿੱਚ ਮੀਂਹ ਕਾਰਨ ਹਵਾ ਗੁਣਵੱਤਾ ਸੂਚਕਾਂਕ ਪੱਧਰ ਵਿੱਚ ਸੁਧਾਰ ਦੇਖਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਡ ਆਪਣਾ ਗੰਭੀਰ ਰੂਪ ਧਾਰਨ ਕਰੇਗੀ।
8 ਡਿਗਰੀ ਤੋਂ ਹੇਠਾਂ ਪਹੁੰਚ ਜਾਵੇਗਾ ਤਾਪਮਾਨ
ਮੀਂਹ ਤੋਂ ਬਾਅਦ ਦਿਨ ਦੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਕਾਰਨ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਡਿਗਰੀ ਦੀ ਗਿਰਾਵਟ ਆਵੇਗੀ, ਜੋ ਫਿਲਹਾਲ ਆਮ ਤੌਰ 'ਤੇ 10 ਡਿਗਰੀ ਦੇ ਆਸ-ਪਾਸ ਦਰਜ ਕੀਤੀ ਗਈ ਹੈ।