ਜਲੰਧਰ 'ਚ ਇਕ ਦਰਦਨਾਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਮੁੱਧਾਂ ਨੇੜੇ ਵਾਪਰਿਆ, ਜਿਥੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸਕੂਟਰੀ ਵਿਚਾਲੇ ਜ਼ਬਰਦਸਤ ਟੱਕਰ ਹੋਈ।
ਮ੍ਰਿਤਕਾਂ ਦੀ ਪਛਾਣ
ਇਸ ਦਰਦਨਾਕ ਹਾਦਸੇ 'ਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਤੋਖ ਸਿੰਘ ਅਤੇ ਸੁਖਦੇਵ ਸਿੰਘ ਵਾਸੀ ਨੂਰਮਹਿਲ ਵਜੋਂ ਹੋਈ ਹੈ।
ਦਵਾਈ ਲੈਣ ਜਾ ਰਹੇ ਸਨ
ਦੱਸਿਆ ਜਾ ਰਿਹਾ ਹੈ ਕਿ ਸੰਤੋਖ ਸਿੰਘ ਅਤੇ ਸੁਖਦੇਵ ਸਿੰਘ ਦੋਵੇਂ ਸਕੂਟਰ 'ਤੇ ਦਵਾਈ ਲੈਣ ਲਈ ਜਲੰਧਰ ਜਾ ਰਹੇ ਸਨ। ਇਸ ਦੌਰਾਨ ਪਿੰਡ ਮੁੱਧਾਂ ਦੇ ਸਾਹਮਣੇ ਮੇਨ ਰੋਡ 'ਤੇ ਕੱਟ 'ਤੇ ਨਕੋਦਰ ਵੱਲੋਂ ਆ ਰਹੀ ਬੱਸ ਨਾਲ ਦੋਵਾਂ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਏਐਸਆਈ ਕੁਲਵਿੰਦਰ ਸਿੰਘ ਮੌਕੇ ਉਤੇ ਪੁੱਜੇ ਤੇ ਉਨ੍ਹਾਂ ਨੇ ਹਾਦਸੇ ਦਾ ਸ਼ਿਕਾਰ ਹੋਈ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।