ਲੁਧਿਆਣਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਖੜ੍ਹੀ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਬੱਸ 'ਚ ਮੌਜੂਦ ਸਵਾਰੀਆਂ ਸ਼ੀਸ਼ਾ ਤੋੜ ਕੇ ਬਾਹਰ ਡਿੱਗੀਆਂ । ਇਹ ਘਟਨਾ ਫਿਲੌਰ ਨੇੜੇ ਖਹਿਰਾ-ਭਾਟੀਆ ਫਲਾਈਓਵਰ 'ਤੇ ਵਾਪਰੀ। ਹਾਦਸੇ 'ਚ 10 ਲੋਕ ਜ਼ਖਮੀ ਹੋਏ ਹਨ।
ਤੇਜ਼ ਰਫਤਾਰ ਬੱਸ ਨੇ ਪਿਕਅੱਪ ਨੂੰ ਮਾਰੀ ਟੱਕਰ
ਘਟਨਾ ਸਬੰਧੀ ਪਿਕਅੱਪ ਗੱਡੀ ਦੇ ਡਰਾਈਵਰ ਅਨਿਤ ਨੇ ਦੱਸਿਆ ਕਿ ਉਸ ਦੀ ਪਿਕਅੱਪ ਗੱਡੀ ਦਾ ਟਾਇਰ ਫਟ ਗਿਆ ਸੀ ਤੇ ਇਹ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਸਵਾਰੀਆਂ ਨਾਲ ਭਰੀ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਤੇ ਉਹ ਸਿੱਧੀ ਆ ਕੇ ਪਿਕਅੱਪ ਨਾਲ ਟਕਰਾ ਗਈ। ਜਿਸ 'ਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਡਰਾਈਵਰ ਅਤੇ ਕੰਡਕਟਰ ਮੌਕੇ 'ਤੇ ਫਰਾਰ
ਪਿਕਅੱਪ ਗੱਡੀ ਦੇ ਡਰਾਈਵਰ ਨੇ ਅੱਗੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕਾ ਪਾ ਕੇ ਫਰਾਰ ਹੋ ਗਏ। ਜਦਕਿ ਆਸ-ਪਾਸ ਦੇ ਲੋਕਾਂ ਨੇ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਟਾਟਾ ਪੰਚ ਕਾਰ ਵੀ ਬੱਸ ਨਾਲ ਟਕਰਾਈ ਸੀ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
ਜ਼ਖਮੀਆਂ ਦੀ ਪਛਾਣ ਦੀਪਕ, ਖੇਮ ਬਹਾਦਰ, ਵਿਮਲ, ਰਾਜੂ, ਭੀਮ ਬਹਾਦਰ, ਨਿਰਮਲਾ, ਸੁੱਖ ਮਾਲਾ, ਵੀਨਾ ਲਕਸ਼ਮੀ ਸਿੰਨਰ, ਚੰਨੀ ਤੇ ਇਕ ਹੋਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਐੱਸਐੱਸਐੱਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਐਂਬੂਲੈਂਸ ਵਿੱਚ ਪਾ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।