ਜਲੰਧਰ ਦੇ ਪਾਸ਼ ਇਲਾਕੇ ਸੂਰਿਆ ਇਨਕਲੇਵ ਸੁਸਾਇਟੀ 'ਚ ਮੰਗਲਵਾਰ ਦੇਰ ਰਾਤ ਕਾਰ 'ਚ ਬੈਠ ਕੇ ਸ਼ਰਾਬ ਪੀ ਰਹੇ ਦੋ ਨੌਜਵਾਨਾਂ ਨੇ ਪੈਦਲ ਜਾ ਰਹੀ ਇਕ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿਚ 3 ਲੋਕ ਜ਼ਖਮੀ
ਇਸ ਘਟਨਾ 'ਚ ਕਾਰੋਬਾਰੀ ਅਮਿਤ ਗੋਇਲ, ਰੁਪੇਸ਼ ਗੁਪਤਾ ਅਤੇ ਨਰੇਸ਼ ਜੈਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਦੇਰ ਰਾਤ ਇਲਾਜ ਲਈ ਰਾਮਾਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਦੋਸ਼ੀ ਤਲਵਾਰਾਂ ਅਤੇ ਦਾਤਰ (ਤੇਜ਼ਧਾਰ ਹਥਿਆਰਾਂ) ਨਾਲ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਜਿਸ ਕਾਲੋਨੀ 'ਚ ਇਹ ਘਟਨਾ ਵਾਪਰੀ ਸੀ, ਉਸ 'ਚ ਪੁਲਸ ਥਾਣਾ ਵੀ ਹੈ ਪਰ ਫਿਰ ਵੀ ਦੋਸ਼ੀਆਂ ਵਿਚ ਜ਼ਰਾ ਵੀ ਖੌਫ ਨਜ਼ਰ ਨਹੀਂ ਆਇਆ।
ਜਦੋਂ ਲੜਕੀ ਨਾਲ ਛੇੜਛਾੜ ਕੀਤੀ ਗਈ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਵਿਰੋਧ ਦੇਖ ਕੇ ਮੁਲਜ਼ਮਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 3 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਵਿਚ ਜ਼ਖਮੀ ਹੋਏ ਸਾਰੇ ਲੋਕ ਸੂਰਿਆ ਐਨਕਲੇਵ ਦੇ ਰਹਿਣ ਵਾਲੇ ਹਨ।
ਕਾਰ ਵਿਚ ਪੀ ਰਹੇ ਸਨ ਸ਼ਰਾਬ
ਪੀੜਤ ਅਮਿਤ ਗੋਇਲ ਨੇ ਦੱਸਿਆ ਕਿ ਦੋ ਨੌਜਵਾਨ ਸੋਸਾਇਟੀ ਵਿਚ ਕਾਰ ਖੜ੍ਹੀ ਕਰ ਕੇ ਸ਼ਰਾਬ ਪੀ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਲੜਕੀ ਨੇ ਇਸ ਸਬੰਧੀ ਸੁਸਾਇਟੀ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਸੁਸਾਇਟੀ ਦੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਨੌਜਵਾਨਾਂ ਦਾ ਵਿਰੋਧ ਕੀਤਾ। ਜਦੋਂ ਉਹ ਇਕੱਠੇ ਹੋ ਕੇ ਕਾਰ ਦੇ ਨੇੜੇ ਗਏ ਤਾਂ ਨੌਜਵਾਨਾਂ ਨੇ ਕਾਰ ਅੰਦਰੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਪੁਲਸ ਦੀ ਗਸ਼ਤ ਵਧਾਉਣ ਦੀ ਮੰਗ
ਘਟਨਾ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਦੋਸ਼ੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਮੁਲਜ਼ਮਾਂ ਨੇ ਘਟਨਾ ਵਾਲੀ ਥਾਂ 'ਤੇ ਕਰੀਬ 20 ਮਿੰਟ ਤੱਕ ਹੰਗਾਮਾ ਕੀਤਾ। ਜਿਸ ਤੋਂ ਬਾਅਦ ਲੋਕਾਂ ਦੇ ਵੱਧਦੇ ਵਿਰੋਧ ਨੂੰ ਦੇਖਦੇ ਹੋਏ ਉਹ ਉਥੋਂ ਫਰਾਰ ਹੋ ਗਏ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪੁਲਸ ਨੂੰ ਇਲਾਕੇ 'ਚ ਗਸ਼ਤ ਵਧਾਉਣੀ ਚਾਹੀਦੀ ਹੈ। ਅਜਿਹੇ ਸ਼ਰਾਰਤੀ ਅਨਸਰਾਂ ਕਾਰਨ ਅੱਜ ਸਮਾਜ ਵਿੱਚ ਲੜਕੀਆਂ ਦਾ ਬਾਹਰ ਆਉਣਾ ਮੁਸ਼ਕਲ ਹੋ ਗਿਆ ਹੈ।