ਜਲੰਧਰ ਦੇ ਗੁਰਾਇਆ ਨੇੜੇ ਤੇਜ਼ ਰਫਤਾਰ ਮਿੰਨੀ ਬਸ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਛਾਣ ਬਲਵੀਰ ਕੌਰ (65) ਵਾਸੀ ਕਾਹਨਾ ਢੇਸੀਆਂ ਵਜੋਂ ਹੋਈ ਹੈ। ਉਹ ਦਵਾਈ ਲੈ ਕੇ ਘਰ ਜਾਣ ਲਈ ਬੱਸ 'ਚ ਸਵਾਰ ਹੋਈ ਸੀ ਤਾਂ ਬੱਸ ਤੇਜ਼ ਰਫਤਾਰ 'ਚ ਸੀ। ਪਿੰਡ ਨੇੜੇ ਮੋੜ ਕੱਟਣ ਸਮੇਂ ਅਚਾਨਕ ਉਸ ਨੂੰ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਔਰਤ ਸੜਕ 'ਤੇ ਡਿੱਗ ਗਈ ਤੇ ਉਸਦੇ ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਦਵਾਈ ਲੈ ਕੇ ਪਰਤ ਰਹੀ ਸੀ ਔਰਤ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਲੜਕੇ ਲਖਵਿੰਦਰ ਨੇ ਦੱਸਿਆ ਕਿ ਮੇਰੀ ਮਾਤਾ ਦਵਾਈ ਲੈ ਕੇ ਬੱਸ ਵਿੱਚ ਆ ਰਹੇ ਸਨ। ਬੱਸ ਬਹੁਤ ਜ਼ਿਆਦਾ ਰਫਤਾਰ 'ਚ ਸੀ, ਜਦੋਂ ਡਰਾਈਵਰ ਨੇ ਬੱਸ ਨੂੰ ਪਿੰਡ ਨੇੜੇ ਮੋੜਿਆ ਤਾਂ ਉਹ ਬੱਸ 'ਚੋਂ ਬਾਹਰ ਡਿੱਗ ਗਏ। ਬੱਸ ਚਾਲਕ ਨੇ ਇਸ ਤੋਂ ਬਾਅਦ ਵੀ ਬੱਸ ਨਹੀਂ ਰੋਕੀ ਤੇ 2 ਕਿਲੋਮੀਟਰ ਤੱਕ ਬੱਸ ਚਲਾਉਂਦਾ ਰਿਹਾ। ਲੋਕਾਂ ਦੇ ਰੌਲਾ ਪਾਉਣ 'ਤੇ ਡਰਾਈਵਰ ਨੇ ਬੱਸ ਰੋਕ ਦਿੱਤੀ।
ਆਟੋ ਰਾਹੀਂ ਲੈ ਕੇ ਗਏ ਹਸਪਤਾਲ
ਲਖਵਿੰਦਰ ਨੇ ਦੱਸਿਆ ਕਿ ਲੋਕਾਂ ਨੇ ਮਦਦ ਕਰਕੇ ਮੇਰੀ ਮਾਂ ਨੂੰ ਆਟੋ ਵਿੱਚ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ। ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸਾਡੀ ਮੰਗ ਹੈ ਕਿ ਦੋਸ਼ੀ ਬੱਸ ਡਰਾਈਵਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ।
ਡਰਾਈਵਰ ਨਸ਼ਾ ਕਰਕੇ ਚਲਾ ਰਿਹਾ ਸੀ ਬੱਸ
ਬੱਸ ਡਰਾਈਵਰ 'ਤੇ ਦੋਸ਼ ਲਗਾਉਂਦੇ ਹੋਏ ਲਖਵਿੰਦਰ ਨੇ ਕਿਹਾ ਕਿ ਬੱਸ ਡਰਾਈਵਰ ਨਸ਼ੇ 'ਚ ਸੀ ਤੇ ਓਵਰ ਸਪੀਡ 'ਤੇ ਬੱਸ ਚਲਾ ਰਿਹਾ ਸੀ। ਕਿਉਂਕਿ ਬੱਸ ਵਿਚ ਸਵਾਰ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੇ ਵੀ ਸੋਚਿਆ ਕਿ ਸ਼ਾਇਦ ਓਵਰ ਸਪੀਡ ਕਾਰਨ ਬੱਸ ਪਲਟ ਜਾਵੇ। ਬੱਸ ਡਰਾਈਵਰ ਕੋਲ ਨਾ ਤਾਂ ਪਰਮਿਟ ਹੈ ਅਤੇ ਨਾ ਹੀ ਲਾਇਸੈਂਸ।
ਪੁਲਿਸ ਨੇ ਬੱਸ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
ਘਟਨਾ ਸਬੰਧੀ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੰਧੂ ਬੱਸ ਸਰਵਿਸ ਦੀ ਬੱਸ ਨਾਲ ਹਾਦਸਾ ਵਾਪਰਿਆ ਹੈ। ਬੱਸ 'ਚ ਬੈਠੀ ਔਰਤ ਸੜਕ 'ਤੇ ਡਿੱਗ ਪਈ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖਮੀ ਹੋਣ ਤੋਂ ਬਾਅਦ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੋਸ਼ੀ ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬੱਸ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਡਰਾਈਵਰ ਨਸ਼ੇ 'ਚ ਸੀ ਜਾਂ ਨਹੀਂ।