ਜਲੰਧਰ ਨਗਰ ਨਿਗਮ ਦੀਆਂ 85 ਸੀਟਾਂ 'ਤੇ 21 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ 85 ਵਾਰਡਾਂ ਵਿੱਚੋਂ 42 ਵਾਰਡ ਔਰਤਾਂ ਲਈ ਰਾਖਵੇਂ ਹਨ। ਇਨ੍ਹਾਂ 42 ਵਾਰਡਾਂ ਵਿੱਚੋਂ 29 ਵਾਰਡ ਜਨਰਲ ਵਰਗ ਦੀਆਂ ਔਰਤਾਂ ਲਈ ਹਨ ਜਦਕਿ 13 ਵਾਰਡ ਅਨੁਸੂਚਿਤ ਜਾਤੀਆਂ ਲਈ ਹਨ। ਯਾਨੀ ਕਿ ਨਗਰ ਨਿਗਮ ਦੀ ਅੱਧੀ ਆਬਾਦੀ 'ਤੇ ਔਰਤਾਂ ਦਾ ਕਬਜ਼ਾ ਹੋਵੇਗਾ। ਜਲੰਧਰ ਨਗਰ ਨਿਗਮ ਚੋਣਾਂ ਵਿੱਚ ਔਰਤਾਂ ਦਾ ਦਬਦਬਾ ਦੇਖਿਆ ਜਾ ਸਕਦਾ ਹੈ। ਇਸ ਵਾਰ ਜਲੰਧਰ ਨੂੰ ਵੀ ਮਹਿਲਾ ਮੇਅਰ ਮਿਲ ਸਕਦੀ ਹੈ। ਇਸ ਦੇ ਲਈ ਸਾਰੀਆਂ ਪਾਰਟੀਆਂ ਨੇ ਵੱਡੇ ਮਹਿਲਾ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਹ ਉਮੀਦਵਾਰ ਮੇਅਰ ਬਣਨ ਦੀ ਦੌੜ 'ਚ ਅੱਗੇ ਦਿਖਾਈ ਦੇ ਰਹੇ ਹਨ।
ਮੇਅਰ ਲਈ AAP ਦੇ ਕੋਲ 3 ਮਹਿਲਾ ਉਮੀਦਵਾਰ
ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਅਰੁਣਾ ਅਰੋੜਾ ਨੂੰ ਪਾਰਟੀ 'ਚ ਔਰਤਾਂ ਵਿੱਚੋਂ ਸਭ ਤੋਂ ਵੱਡਾ ਚਿਹਰਾ ਮੰਨਿਆ ਜਾ ਰਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਵਾਰਡ ਨੰਬਰ 33 ਤੋਂ ਉਮੀਦਵਾਰ ਬਣਾਇਆ ਹੈ। ਜੇਕਰ ਕਿਸੇ ਮਹਿਲਾ ਨੂੰ ਮੇਅਰ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਦਾ ਨਾਂ ਸੂਚੀ 'ਚ ਸਭ ਤੋਂ ਉੱਪਰ ਹੋਵੇਗਾ। ਹਾਲਾਂਕਿ ਅਰੁਣਾ ਅਰੋੜਾ ਨੂੰ ਵਾਰਡ ਨੰਬਰ 67 ਤੋਂ ਚੋਣ ਲੜ ਰਹੀ ‘ਆਪ’ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਗੁਰਪ੍ਰੀਤ ਕੌਰ ਨਾਲ ਮੁਕਾਬਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 65 ਤੋਂ ਸਾਬਕਾ ਮੇਅਰ ਜਗਦੀਸ਼ ਰਾਜਾ ਦੀ ਪਤਨੀ ਵੀ ਮੇਅਰ ਲਈ ਦਾਅਵਾਦਾਰੀ ਠੋਕ ਸਕਦੀ ਹੈ |
ਕਾਂਗਰਸ ਦੇ ਕੋਲ ਜਸਲੀਨ ਕੌਰ ਸੇਠੀ
ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਕੋਲ ਡਾ: ਜਸਲੀਨ ਕੌਰ ਸੇਠੀ ਵਰਗਾ ਵੱਡਾ ਚਿਹਰਾ ਹੈ। ਵਾਰਡ ਨੰਬਰ 30 ਤੋਂ ਚੋਣ ਲੜ ਰਹੀ ਜਸਲੀਨ ਕੌਰ ਸੇਠੀ ਕਾਂਗਰਸ ਦੀ ਤਰਫੋਂ ਮੇਅਰ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰ ਸਕਦੀ ਹੈ। ਉਂਜ ਵਾਰਡ 35 ਤੋਂ ਹਰਸ਼ਰਨ ਕੌਰ ਵੀ ਮੇਅਰ ਲਈ ਆਪਣਾ ਨਾਂ ਅੱਗੇ ਰੱਖ ਕੇ ਪਾਰਟੀ ਦੇ ਸਾਹਮਣੇ ਆਪਣੀ ਸਥਿਤੀ ਮਜ਼ਬੂਤੀ ਨਾਲ ਪੇਸ਼ ਕਰ ਸਕਦੀ ਹੈ।
ਭਾਜਪਾ ਕੋਲ ਕੋਈ ਵੱਡਾ ਚਿਹਰਾ ਨਹੀਂ
ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਪਾਰਟੀ ਕੋਲ ਕੋਈ ਵੀ ਵੱਡਾ ਮਹਿਲਾ ਚਿਹਰਾ ਨਹੀਂ ਹੈ ਜੋ ਮੇਅਰ ਦੇ ਅਹੁਦੇ ਲਈ ਦਾਅਵਾ ਠੋਕ ਸਕੇ। ਪਰ ਇਸ ਚੋਣ 'ਚ ਭਾਜਪਾ ਮੇਅਰ ਦੇ ਅਹੁਦੇ 'ਤੇ ਦਾਅਵੇਦਾਰੀ ਕਰਨ ਨਾਲੋਂ ਆਪਣੀ ਕਾਰਗੁਜ਼ਾਰੀ 'ਤੇ ਜ਼ਿਆਦਾ ਧਿਆਨ ਦੇਣਾ ਚਾਹੇਗੀ। ਕਿਉਂਕਿ ਸ਼ਹਿਰੀ ਵੋਟ ਭਾਜਪਾ ਨੂੰ ਸਮਰਥਨ ਦੇਣ ਲਈ ਮੰਨੀ ਜਾਂਦੀ ਹੈ ਅਤੇ ਪਾਰਟੀ ਵੱਲੋਂ ਵੀ ਇਨ੍ਹਾਂ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੈ।