ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸਮਾਪਤ ਹੋ ਗਈ ਹੈ। ਸਾਬਕਾ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਸਰਦਾਰ ਜਗਜੀਤ ਸਿੰਘ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣ ਨਾ ਕਰਨ ਦੇ ਦੋਸ਼ ਤਹਿਤ ਧਾਰਮਿਕ ਸਜ਼ਾ ਸੁਣਾਈ ਗਈ।
ਪੰਜ ਤਖਤਾਂ ਦੇ ਜਥੇਦਾਰਾਂ ਨੇ ਸੁਣਾਇਆ ਫੈਸਲਾ
ਇਸ ਦੌਰਾਨ ਪੰਜ ਤਖਤਾਂ ਦੇ ਜਥੇਦਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਬਾਕੀ ਸਿੰਘ ਸਾਹਿਬਾਨ ਨੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਧਾਰਮਿਕ ਸਜ਼ਾ ਲਾਈ। ਉਨ੍ਹਾਂ ਨੂੰ 11 ਦਿਨਾਂ ਤੱਕ ਜੂਠੇ ਭਾਂਡਿਆਂ ਦੀ ਸੇਵਾ ਕਰਨ, ਪਾਠ ਸੁਣਨ ਅਤੇ 500 ਰੁਪਏ ਦਾ ਕੜਾਹ ਪ੍ਰਸ਼ਾਦ ਚੜ੍ਹਾਉਣ ਤੇ ਇਕ ਘੰਟਾ ਕੀਰਤਨ ਸਰਵਣ ਕਰਨ ਦੀ ਧਾਰਮਕ ਸਜ਼ਾ ਦਿੱਤੀ ਗਈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਪੰਥ ਵੱਲੋਂ ਛੇਕੇ ਗਏ ਦਰਸ਼ਨ ਸਿੰਘ ਰਾਗੀ ਕੋਲੋਂ ਕੀਰਤਨ ਕਰਵਾਉਣ ਵਾਲੇ 5 ਪ੍ਰਬੰਧਕਾਂ ਨੂੰ ਵੀ ਬੁਲਾਇਆ ਗਿਆ। ਜਿਨ੍ਹਾਂ ਨੂੰ ਆਪਣਾ ਜੁਰਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।
ਸੁਖਬੀਰ ਬਾਦਲ ਤੋਂ 15 ਦਿਨਾਂ ਵਿਚ ਮੰਗਿਆ ਜਵਾਬ
ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਆਫ਼ੀਨਾਮੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਜਵਾਬ ਮੰਗਿਆ ਹੈ। ਉਨ੍ਹਾਂ ਨੂੰ 15 ਦਿਨਾਂ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ।
ਜਾਣਕਾਰੀ ਅਨੁਸਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਤਖ਼ਤਾਂ ਦੇ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫੈਸਲਾ ਲਿਆ ਕਿ ਸੁਖਬੀਰ ਬਾਦਲ ’ਤੇ ਗੰਭੀਰ ਦੋਸ਼ ਲੱਗੇ ਹਨ। ਜਿਨ੍ਹਾਂ ਵਿੱਚ ਡੇਰਾ ਮੁਖੀ ਦਾ ਪੱਖ ਪੂਰਨਾ, ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਦੇ ਅਕਾਲੀ ਦਲ ਦੇ ਇਸ਼ਤਿਹਾਰ ਜਾਰੀ ਕਰਨਾ ਅਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ। ਇਸ ਤੋਂ ਪਹਿਲਾਂ ਨਿਯਮਾਂ ਦੇ ਉਲਟ ਜਾਣ ਵਾਲੇ ਦੋਸ਼ੀਆਂ ਨੂੰ ਧਾਰਮਕ ਸਜ਼ਾਵਾਂ ਸੁਣਾਈਆਂ ਗਈਆਂ।