ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬੀਤੇ ਦਿਨੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10.10 ਮਿੰਟ ਤੱਕ ਮਾਤਮੀ ਬਿਗੁਲ ਵਜਾਉਣ ਬਾਰੇ ਕਿਹਾ ਸੀ। ਸ਼ਹੀਦੀ ਦਿਹਾੜੇ ਉਤੇ ਮਾਤਮੀ ਬਿਗੁਲ ਉਤੇ ਐਸ ਜੀ ਪੀ ਸੀ ਨੇ ਇਤਰਾਜ਼ ਜ਼ਾਹਰ ਕੀਤਾ ਹੈ।
SGPC ਪ੍ਰਧਾਨ ਧਾਮੀ ਨੇ ਕੀਤਾ ਟਵੀਟ
ਇਸ ਸਬੰਧੀ ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਦਿਆਂ ਲਿਖਿਆ ਕਿ ਮੁੱਖ ਮੰਤਰੀ ਜੀ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੱਕ, ਸੱਚ ਤੇ ਧਰਮ ਦੀ ਰੱਖਿਆ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾ ਕਿ ਕੋਈ ਮਾਤਮੀ ਘਟਨਾ। ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ, ਪਰੰਤੂ ਉਨ੍ਹਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੌੜ ਉਮਰ ਤੋਂ ਘੱਟ ਨਹੀਂ। ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਨਾਲ ਸ਼ਹਾਦਤਾਂ ਪ੍ਰਵਾਨ ਕੀਤੀਆਂ। ਤੁਹਾਡੇ ਵੱਲੋਂ ਮਾਤਮੀ ਬਿਗਲ ਵਜਾਉਣ ਦਾ ਪ੍ਰੋਗਰਾਮ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ, ਇਸ ਲਈ ਇਸ ਨੂੰ ਤੁਰੰਤ ਵਾਪਸ ਲਓ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਗੁਰਮਤਿ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿਓ, ਨਾ ਕਿ ਇਨ੍ਹਾਂ ਦਿਹਾੜਿਆਂ ਨੂੰ ਮਾਤਮੀ ਰੰਗਤ ਦੇਣ ਦੀ ਕੋਸ਼ਿਸ਼ ਕਰੋ।