ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 32 ਸਾਲਾ ਗੁਰਜੀਤ ਸਿੰਘ ਵਜੋਂ ਹੋਈ ਹੈ। ਗੁਰਜੀਤ ਸਿੰਘ ਕਪੂਰਥਲਾ ਦੇ ਪਿੰਡ ਕੂਕਾ ਤਲਵੰਡੀ ਦਾ ਰਹਿਣ ਵਾਲਾ ਸੀ। ਬੇਟੇ ਦੀ ਅਚਾਨਕ ਮੌਤ ਦੀ ਖਬਰ ਮਿਲਦੇ ਹੀ ਪੂਰਾ ਪਰਿਵਾਰ ਸੋਗ 'ਚ ਡੁੱਬ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
18 ਅਕਤੂਬਰ ਨੂੰ ਹੋਣਾ ਸੀ ਵਿਆਹ
ਗੁਰਜੀਤ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਗੁਰਜੀਤ ਸਿੰਘ ਕੈਲੀਫੋਰਨੀਆ ਅਮਰੀਕਾ ਰਹਿੰਦਾ ਸੀ ਅਤੇ ਛੇ ਮਹੀਨੇ ਪਹਿਲਾਂ ਪੰਜਾਬ ਤੋਂ ਇੱਥੇ ਆਇਆ ਸੀ ਅਤੇ ਹੁਣ ਉਸ ਨੇ ਦੋ ਦਿਨਾਂ ਲਈ ਪੰਜਾਬ ਆਉਣਾ ਸੀ, 18 ਅਕਤੂਬਰ ਨੂੰ ਉਸਦਾ ਵਿਆਹ ਹੋਣ ਸੀ । ਕੱਲ੍ਹ ਉਹ ਆਪਣਾ ਸਾਮਾਨ ਪੈਕ ਕਰ ਕੇ ਪੰਜਾਬ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਪਰ ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਉਹ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ। ਜਿੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
ਮ੍ਰਿਤਕ ਦੇ ਚਾਚਾ ਹਰਜਿੰਦਰ ਨੇ ਦੱਸਿਆ ਕਿ ਘਰ 'ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ ਬੇਟੇ ਦੀ ਅਚਾਨਕ ਮੌਤ ਦੀ ਖਬਰ ਮਿਲਦੇ ਹੀ ਪੂਰਾ ਪਰਿਵਾਰ 'ਚ ਮਾਤਮ ਛਾ ਗਿਆ। ਇਸ ਤੋਂ ਪਹਿਲਾਂ 29 ਸਤੰਬਰ ਨੂੰ ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੀਰ ਸਿੰਘ ਵਜੋਂ ਹੋਈ ਹੈ। ਕੁਲਵੀਰ ਸਿੰਘ ਦੀ ਉਮਰ ਕਰੀਬ 30 ਸਾਲ ਸੀ। ਮ੍ਰਿਤਕ ਮਲੇਰਕੋਟਲਾ ਦਾ ਰਹਿਣ ਵਾਲਾ ਸੀ। ਬੇਟੇ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ 'ਚ ਸੰਨਾਟਾ ਛਾ ਗਿਆ। ਜਾਣਕਾਰੀ ਮੁਤਾਬਕ ਕੁਲਵੀਰ 12 ਸਾਲ ਪਹਿਲਾਂ ਅਮਰੀਕਾ ਗਿਆ ਸੀ।
ਅਮਰੀਕਾ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਇਸ ਤੋਂ ਪਹਿਲਾਂ 26 ਸਤੰਬਰ ਨੂੰ ਅਮਰੀਕਾ ਵਿੱਚ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਦਸੂਹਾ ਦੇ ਪਿੰਡ ਬੈਬੋਵਾਲ ਚੰਨੀਆਂ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ 'ਚ ਸੰਨਾਟਾ ਛਾ ਗਿਆ ਹੈ ।
3 ਸਾਲ ਪਹਿਲਾਂ ਅਮਰੀਕਾ ਹੋਇਆ ਸੀ ਸ਼ਿਫਟ
ਪਿੰਦਰ ਸਿੰਘ ਪਿਛਲੇ 18 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਕੰਮ ਕਰ ਰਿਹਾ ਸੀ ਪਰ ਤਿੰਨ ਸਾਲ ਪਹਿਲਾਂ ਉਹ ਇਟਲੀ ਛੱਡ ਕੇ ਅਮਰੀਕਾ ਵਿੱਚ ਰਹਿਣ ਲੱਗ ਪਿਆ ਸੀ। ਅਮਰੀਕਾ ਵਿੱਚ ਉਹ ਟਰੂਲੀ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਸੜਕ 'ਤੇ ਕਰ ਰਿਹਾ ਸੀ ਉਡੀਕ
ਪਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਟਰੱਕ ਲੈ ਕੇ ਗਿਆ ਸੀ। ਉਹ ਰਸਤੇ ਵਿੱਚ ਟਰੱਕ ਲੈ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਹਮਲਾਵਰ ਆਏ ਅਤੇ ਪਿੱਛਿਓਂ ਪਿੰਦਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।