ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ਵਿੱਚ ਈ ਡੀ ਦੇ ਦੋਸ਼ਾਂ ਉਤੇ ਜਵਾਬ ਪੱਤਰ ਪੇਸ਼ ਕੀਤਾ। ਕੇਜਰੀਵਾਲ ਨੇ ਪੇਸ਼ ਕੀਤੇ ਜਵਾਬੀ ਪੱਤਰ ਵਿੱਚ ਕਿਹਾ ਕਿ ਈਡੀ ਦੇ ਚਾਰੇ ਗਵਾਹ ਭਾਜਪਾ ਨਾਲ ਜੁੜੇ ਹੋਏ ਹਨ।
ਦੱਸ ਦੇਈਏ ਕਿ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਈਡੀ ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 1 ਅਪ੍ਰੈਲ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ।ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਨੇ ਜਵਾਬੀ ਪੱਤਰ ਵਿੱਚ ਕਿਹਾ ਕਿ ਭਾਜਪਾ ਦੇ ਸਮਰਥਕ ਲੋਕ ਸਭਾ ਉਮੀਦਵਾਰ ਸ੍ਰੀਨਿਵਾਸਨ ਰੈਡੀ, ਸ਼ਰਾਬ ਘੁਟਾਲੇ ਵਿੱਚ ਭਾਜਪਾ ਨੂੰ 60 ਕਰੋੜ ਰੁਪਏ ਦਾ ਚੰਦਾ ਦੇਣ ਵਾਲੇ ਸ਼ਰਦ ਰੈੱਡੀ, ਗੋਆ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸੀ ਐਮ ਪ੍ਰਮੋਦ ਸਾਵੰਤ ਦੇ ਕਰੀਬੀ ਸੱਤਿਆ ਵਿਜੇ ਅਤੇ ਸੀ ਐਮ ਸਾਵੰਤ ਦੇ ਪ੍ਰਚਾਰ ਪ੍ਰਬੰਧਕ ਨੂੰ ਈ ਡੀ ਨੇ ਗਵਾਹ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਚਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਹੈ।
ਈ ਡੀ ਝੂਠ ਦੀ ਮਸ਼ੀਨ: ਆਪ
ਇਸ ਤੋਂ ਪਹਿਲਾਂ ਈ ਡੀ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਪੇਸ਼ ਕੀਤਾ ਸੀ। ਜਾਣਕਾਰੀ ਮੁਤਾਬਕ ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ 9 ਸੰਮਨ ਮਿਲਣ ਤੋਂ ਬਾਅਦ ਵੀ ਉਹ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ। 'ਆਪ' ਨੇ ਦੋਸ਼ ਲਾਇਆ ਕਿ ਈ ਡੀ ਝੂਠ ਦੀ ਮਸ਼ੀਨ ਬਣ ਗਈ ਹੈ।
ਕੇਜਰੀਵਾਲ ਦੇ ਕੋਲ ਕੁਝ ਸਬੂਤ ਹਨ- ਈ.ਡੀ
ਈ ਡੀ ਨੇਆਪਣੇ ਹਲਫਨਾਮੇ 'ਚ ਇਹ ਵੀ ਕਿਹਾ ਕਿ ਕੇਜਰੀਵਾਲ ਕੋਲ ਕੁਝ ਸਬੂਤ ਹਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਈਡੀ ਨੇ ਕਿਹਾ ਕਿ ਸਾਡੇ ਲਈ ਭਾਵੇਂ ਕੋਈ ਵੱਡਾ ਨੇਤਾ ਹੋਵੇ ਜਾਂ ਆਮ ਆਦਮੀ ਪਾਰਟੀ, ਸਭ ਬਰਾਬਰ ਹਨ। ਈ ਡੀ ਨੇ ਕਿਹਾ ਕਿ ਕਿਉਂਕਿ ਕੇਜਰੀਵਾਲ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਇਹ ਆਧਾਰ ਨਹੀਂ ਹੋ ਸਕਦਾ।
ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਨੇ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਅਦਾਲਤ ਨੇ ਈਡੀ ਦੇ ਪੁਖਤਾ ਸਬੂਤਾਂ ਨੂੰ ਦੇਖਦੇ ਹੋਏ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।