ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਪਿਤਾ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਹੈ। ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਐਮੀ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਪੰਚ ਚੁਣਿਆ ਹੈ।
ਪਰਿਵਾਰ ਵਿਚ ਖੁਸ਼ੀ ਦੀ ਲਹਿਰ
ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ 'ਚ ਸਮਾਜ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ ਅਤੇ ਹੁਣ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਐਮੀ ਵਿਰਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਵੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ।
ਪਿੰਡ ਦੀ ਬਦਲਾਂਗੇ ਨੁਹਾਰ
ਗੱਲਬਾਤ ਕਰਦਿਆਂ ਐਮੀ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਪਿੰਡ 'ਚ ਮੋਹਰੀ ਹੋ ਕੇ ਪਿੰਡ ਦੇ ਕੰਮ ਕਰਵਾਏ ਹਨ ਅਤੇ ਹੁਣ ਜੋ ਪਿੰਡ ਵਾਲੀਆਂ ਵੱਲੋਂ ਫੈਸਲਾ ਲਿਆ ਗਿਆ ਹੈ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੋ ਪਿੰਡ ਦੇ ਪਹਿਲ ਦੇ ਅਧਾਰ 'ਤੇ ਕੰਮ ਕਰਨ ਵਾਲੇ ਹਨ, ਉਨ੍ਹਾਂ ਨੂੰ ਸਿਰੇ ਚਾੜ੍ਹਿਆ ਜਾਵੇਗਾ ਅਤੇ ਪਿੰਡ ਦੀ ਨੁਹਾਰ ਬਦਲਾਂਗੇ।
ਸਰਬਸੰਮਤੀ ਨਾਲ ਸਰਪੰਚ ਚੁਣਿਆ
ਪਿੰਡ ਦੇ ਪੰਚ ਗੁਰਚਰਨ ਸਿੰਘ ਸੇਖੋਂ ਨੇ ਕਿਹਾ ਕਿ ਇਹ ਜੋ ਫੈਸਲਾ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਹੈ, ਬਹੁਤ ਵਧੀਆ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਚੁਣਨ ਨਾਲ ਪਿੰਡ 'ਚ ਭਾਈਚਾਰਕ ਸਾਂਝ ਬਣੀ ਰਹੇਗੀ।