ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕ ਗਈ। ਮਰਨ ਵਾਲਿਆਂ ਦੀ ਗਿਣਤੀ ਹੁਣ 184 ਤੱਕ ਪਹੁੰਚ ਗਈ ਹੈ ਅਤੇ 130 ਲੋਕ ਹਸਪਤਾਲ ਵਿੱਚ ਹਨ। 170 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਦੱਸ ਦਈਏ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ 'ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਕੇਰਲ ਨੂੰ ਇੱਕ ਹਫ਼ਤਾ ਪਹਿਲਾਂ ਹੀ ਕੀਤਾ ਸੀ ਅਲਰਟ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੰਸਦ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਰਲ ਸਰਕਾਰ ਨੂੰ 23-24 ਜੁਲਾਈ ਨੂੰ ਹੀ ਅਲਰਟ ਕੀਤਾ ਗਿਆ ਸੀ , ਜੇਕਰ ਸਰਕਾਰ ਨੇ ਸਮੇਂ 'ਤੇ ਰਹਿੰਦੇ ਹੀ ਲੋਕਾਂ ਨੂੰ ਹਟਾ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ।
ਮੁੰਡਕਾਈ 'ਚ ਕਰੀਬ 250 ਲੋਕ ਫਸੇ
ਵਾਇਨਾਡ ਦਾ ਮੁੰਡਕਾਈ ਪਿੰਡ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਚੂਰਲਮਾਲਾ ਤੋਂ ਮੁੰਡਕਾਈ ਨੂੰ ਜੋੜਨ ਵਾਲਾ ਪੁਲ ਰੁੜ੍ਹ ਗਿਆ ਹੈ, ਜਿਸ ਕਾਰਨ ਇਲਾਕੇ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਮੁੰਡਕਾਈ 'ਚ ਕਰੀਬ 250 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਦੇਰ ਰਾਤ ਤੱਕ 1 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਅਤੇ 3 ਹਜ਼ਾਰ ਲੋਕਾਂ ਨੂੰ ਮੁੜ ਵਸੇਬਾ ਕੇਂਦਰ ਭੇਜਿਆ ਗਿਆ।
ਹੈਲਪਲਾਈਨ ਨੰਬਰ ਕੀਤੇ ਜਾਰੀ
ਵਾਇਨਾਡ ਜ਼ਮੀਨ ਖਿਸਕਣ ਤੋਂ ਬਾਅਦ ਸਿਹਤ ਵਿਭਾਗ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਨਾਲ ਹੀ ਦੋ ਹੈਲਪਲਾਈਨ ਨੰਬਰ 8086010833 ਅਤੇ 9656938689 ਵੀ ਜਾਰੀ ਕੀਤੇ। ਕੇਰਲ ਦੇ ਸਿਹਤ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਵਾਇਨਾਡ ਦੇ ਚੂਰਾਮਾਲਾ ਵਿੱਚ ਜ਼ਖ਼ਮੀਆਂ ਦੇ ਇਲਾਜ ਲਈ ਇੱਕ ਮਸਜਿਦ ਅਤੇ ਮਦਰੱਸੇ ਵਿੱਚ ਇੱਕ ਅਸਥਾਈ ਹਸਪਤਾਲ ਬਣਾਇਆ ਗਿਆ ਹੈ।