ਲੋਕ ਸਭਾ ਚੋਣਾਂ 2024 ਲਈ 30 ਮਈ ਨੂੰ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਤੇ ਭਲਕੇ 1 ਜੂਨ ਨੂੰ ਪੰਜਾਬ ਦੀਆਂ 13 ਸੀਟਾਂ ਉਤੇ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਭਾਰਤ ਵਿੱਚ ਲੋਕਤੰਤਰ ਦਾ ਤਿਉਹਾਰ ਆਪਣੇ ਆਖਰੀ ਪੜਾਅ ਉਤੇ ਆ ਪੁੱਜਾ ਹੈ।
ਚੋਣ ਕਮਿਸ਼ਨ ਦੇ ਪੁਖਤਾ ਇੰਤਜ਼ਾਮ
ਦੇਸ਼ ਵਿੱਚ 18ਵੀਂਆਂ ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। 30 ਮਈ ਸ਼ਾਮ 6 ਵਜੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਥਮ ਗਿਆ। 75 ਦਿਨਾਂ ਤੋਂ ਚੱਲੀ ਲੋਕ ਸਭਾ ਚੋਣ ਮੁਹਿੰਮ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਹੁਣ ਕੋਈ ਵੀ ਵੱਡੀਆਂ ਰੈਲੀਆਂ, ਚੋਣ ਮੀਟਿੰਗਾਂ ਅਤੇ ਰੋਡ ਸ਼ੋਅ ਨਹੀਂ ਕਰ ਸਕੇਗਾ। ਭਾਰਤੀ ਚੋਣ ਕਮਿਸ਼ਨ ਨੇ ਇਸ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਤੋਂ ਬਾਅਦ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਉਤੇ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ।
ਵੱਡੇ-ਵੱਡੇ ਨੇਤਾਵਾਂ ਨੇ ਲਾਏ ਪੰਜਾਬ ਵਿਚ ਡੇਰੇ
ਪੰਜਾਬ ਵਿਚ ਚੋਣ ਪ੍ਰਚਾਰ ਦੌਰਾਨ ਦੇਸ਼ ਦੇ ਵੱਡੇ-ਵੱਡੇ ਨੇਤਾਵਾਂ ਨੇ ਪੰਜਾਬ ਵਿੱਚ ਡੇਰੇ ਲਾਈ ਰੱਖੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਹਰ ਪਾਰਟੀ ਦੇ ਦਿੱਗਜਾਂ ਨੇ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਵੀ ਜ਼ੋਰ-ਸ਼ੋਰ ਨਾਲ ਚੋਣ ਰੈਲੀਆਂ ਕੀਤੀਆਂ ਤੇ ਰੋਡ ਸ਼ੋਅ ਕੱਢੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਆਖਰੀ ਰੈਲੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਕੀਤੀ। ਇਸ ਤੋਂ ਪਹਿਲਾਂ 23ਮਈ ਪਟਿਆਲਾ ਵਿਖੇ ਰੈਲੀ ਸੀ ਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਵਿਖੇ ਭਾਜਪਾ ਦੀ ਚੋਣ ਰੈਲੀ ਹੋਈ।ਹੁਣ ਪੀਐਮ ਮੋਦੀ ਕੰਨਿਆਕੁਮਾਰੀ ਲਈ ਰਵਾਨਾ ਹੋ ਗਏ।
ਪੰਜਾਬ 'ਚ 13 ਸੀਟਾਂ 'ਤੇ 328 ਉਮੀਦਵਾਰ ਚੋਣ ਮੈਦਾਨ 'ਚ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ, ਜਦਕਿ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 01 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। 5.38 ਲੱਖ 18 ਤੋਂ 19 ਸਾਲ ਦੀ ਉਮਰ ਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਵੋਟਿੰਗ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ 25,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ ਬਾਕੀ 57 ਸੀਟਾਂ ਲਈ ਜੂਨ ਨੂੰ ਵੋਟਿੰਗ ਹੋਵੇਗੀ। ਇਸ ਪੜਾਅ 'ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਉੜੀਸਾ ਦੀਆਂ 6, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3 ਅਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। ਆਖਰੀ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹਾਈ ਪ੍ਰੋਫਾਈਲ ਉਮੀਦਵਾਰ ਵੀ ਮੈਦਾਨ 'ਚ ਹਨ। ਪ੍ਰਮੁੱਖ ਸੀਟਾਂ ਵਿੱਚ ਵਾਰਾਣਸੀ, ਗੋਰਖਪੁਰ, ਗਾਜ਼ੀਪੁਰ, ਮਿਰਜ਼ਾਪੁਰ, ਪਟਨਾ ਸਾਹਿਬ, ਪਾਟਲੀਪੁੱਤਰ, ਕਾਂਗੜ, ਮੰਡੀ, ਹਮੀਪੁਰ, ਅੰਮ੍ਰਿਤਸਰ, ਬਠਿੰਡਾ, ਡਾਇਮੰਡ ਹਾਰਬਰ, ਬਸ਼ੀਰਹਾਟ, ਦੁਮਕਾ ਅਤੇ ਚੰਡੀਗੜ੍ਹ ਸ਼ਾਮਲ ਹਨ।
ਨਤੀਜੇ 4 ਜੂਨ ਨੂੰ
1 ਜੂਨ ਨੂੰ 7 ਗੇੜਾਂ ਦੀ ਵੋਟਿੰਗ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਸੀਟਾਂ ਉਤੇ ਨਤੀਜੇ ਆਉਣਗੇ। ਹੁਣ ਦੇਖਣਾ ਹੋਵੇਗਾ ਦੇਸ਼ ਵਿਚ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ।