ਲੁਧਿਆਣਾ 'ਚ 5 ਲੁਟੇਰੇ ਬੰਦੂਕ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ ਤੋਂ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਪਹਿਲਾਂ ਗਹਿਣਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਦੁਕਾਨਦਾਰ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲਿਆ ਅਤੇ ਫਿਰ ਉਸ ਦੀ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਲੁਟੇਰੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰਿਆਂ ਨੇ ਹਵਾਈ ਫਾਇਰ ਵੀ ਕੱਢੇ।
ਗਾਹਕ ਬਣ ਕੇ ਆਏ ਸਨ
ਪੁਲਸ ਨੇ ਦੱਸਿਆ ਕਿ 5 ਲੁਟੇਰਿਆਂ ਨੇ ਗਿੱਲ ਰੋਡ 'ਤੇ ਜਗਦੀਸ਼ ਕੁਮਾਰ ਦੀ ਸੁਨਿਆਰੇ ਦੀ ਦੁਕਾਨ ਲੁੱਟ ਲਈ। ਸਾਰੇ ਲੁਟੇਰੇ ਗਾਹਕ ਬਣ ਕੇ ਆਏ ਸਨ ਅਤੇ ਸੋਨੇ-ਚਾਂਦੀ ਦੇ ਗਹਿਣੇ ਦਿਖਾਉਣ ਲਈ ਕਿਹਾ। ਜਿਵੇਂ ਹੀ ਉਹ ਗਹਿਣੇ ਦਿਖਾਉਣ ਲੱਗੇ ਤਾਂ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ।
ਵਾਰਦਾਤ ਸੀਸੀਟੀਵੀ 'ਚ ਕੈਦ
ਪੁਲਸ ਨੇ ਅੱਗੇ ਦੱਸਿਆ ਕਿ ਪੀੜਤ ਦੁਕਾਨਦਾਰ ਦੇ ਬਿਆਨ ਅਨੁਸਾਰ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੁਟੇਰੇ ਇਕ ਕਾਰ ਵਿੱਚ ਆਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਲੁਟੇਰੇ ਜਿਸ ਦਿਸ਼ਾ ਵੱਲ ਭੱਜੇ ਸਨ, ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।