ਲੁਧਿਆਣਾ ਦੇ ਡਾ: ਅੰਬੇਡਕਰ ਨਗਰ 'ਚ ਲੋਕਾਂ ਨੇ ਨਸ਼ੇੜੀ ਨੌਜਵਾਨ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ਇਲਾਕੇ 'ਚ ਬੈਠਾ ਨਾੜ 'ਚ ਟੀਕਾ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਲੋਕਾਂ ਨੇ ਉਸ ਨੂੰ ਦੇਖ ਕੇ ਰੌਲਾ ਪਾਇਆ। ਉਹ ਭੱਜਣ ਲੱਗਾ ਪਰ ਇਲਾਕਾ ਵਾਸੀਆਂ ਨੇ ਉਸ ਨੂੰ ਫੜ ਲਿਆ।
ਨਸ਼ੇੜੀਆਂ ਕਾਰਣ ਲਾਉਣਾ ਪੈਂਦਾ ਪਹਿਰਾ
ਇਸੇ ਤਰ੍ਹਾਂ ਦੇਰ ਰਾਤ ਇੱਕ ਹੋਰ ਨਸ਼ੇੜੀ ਨੌਜਵਾਨ ਨੂੰ ਇੱਕ ਆਟੋ ਵਿੱਚ ਬੈਠ ਕੇ ਚਿੱਟੇ ਦਾ ਸੇਵਨ ਕਰਦੇ ਹੋਏ ਲੋਕਾਂ ਨੇ ਕਾਬੂ ਕਰ ਲਿਆ। ਨੌਜਵਾਨ ਨੇ ਲੋਕਾਂ ਨੂੰ ਦੱਸਿਆ ਕਿ ਉਹ ਅਕਸਰ ਇਲਾਕੇ 'ਚ ਨਸ਼ਾ ਖਰੀਦਣ ਲਈ ਆਉਂਦਾ ਹੈ। ਲੋਕਾਂ ਨੇ ਕਿਹਾ ਕਿ ਉਹ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਤੋਂ ਪ੍ਰੇਸ਼ਾਨ ਹਨ। ਨਸ਼ੇੜੀ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਰਾਤ ਸਮੇਂ ਪਹਿਰਾ ਦੇਣਾ ਪੈਂਦਾ ਹੈ।
ਇਲਾਕੇ ਵਿੱਚ ਔਰਤਾਂ ਵੀ ਨਸ਼ਾ ਵੇਚਦੀਆਂ ਹਨ
ਲੋਕਾਂ ਅਨੁਸਾਰ ਇਲਾਕੇ ਵਿੱਚ ਕਈ ਔਰਤਾਂ ਵੀ ਨਸ਼ਾ ਵੇਚਦੀਆਂ ਹਨ। ਇਲਾਕਾ ਨਿਵਾਸੀ ਬਲਵਿੰਦਰ ਸਿੰਘ ਰਸੀਲਾ ਨੇ ਦੱਸਿਆ ਕਿ ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਉਹ ਇਲਾਕੇ ਦੇ ਕਰੀਬ 2500 ਲੋਕਾਂ ਨੂੰ ਭਜਾ ਚੁੱਕੇ ਹਨ, ਜੋ ਨਸ਼ਾ ਖਰੀਦਣ ਲਈ ਆਉਂਦੇ ਸਨ।
ਘਰਾਂ 'ਚ ਵੜ ਕਰ ਜਾਂਦੇ ਨੇ ਵਾਰਦਾਤ
ਰਸੀਲਾ ਨੇ ਦੱਸਿਆ ਕਿ ਨਸ਼ੇੜੀ ਕਿਸਮ ਦੇ ਲੋਕ ਘਰਾਂ ਵਿੱਚ ਵੜ ਕੇ ਮੋਬਾਈਲ ਫੋਨ ਖੋਹ ਕੇ ਲੈ ਜਾਂਦੇ ਹਨ। ਕਈ ਘਰਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ। ਇਲਾਕੇ 'ਚ ਨਸ਼ੇੜੀਆਂ ਨੂੰ ਲੈ ਕੇ ਲੋਕ ਪਹਿਰਾ ਦੇ ਰਹੇ ਹਨ। ਉਹ ਇਲਾਕੇ ਵਿੱਚ ਰੈਲੀ ਕੱਢ ਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਚਿੱਟਾ ਤਸਕਰਾਂ ਖ਼ਿਲਾਫ਼ ਮੰਗ ਪੱਤਰ ਵੀ ਸੌਂਪਣਗੇ ਤਾਂ ਜੋ ਇਲਾਕੇ ਵਿੱਚ ਪੁਲਸ ਦੀ ਗਸ਼ਤ ਵਧਾਈ ਜਾ ਸਕੇ। ਫਿਲਹਾਲ ਇਨ੍ਹਾਂ ਨਸ਼ੇੜੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ।