ਲੁਧਿਆਣਾ ਦੇ ਹੈਬੋਵਾਲ 'ਚ ਦੇਰ ਰਾਤ 40 ਸਾਲਾ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨੋਜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਐੱਚ.ਆਈ.ਵੀ. ਪਾਜ਼ੇਟਿਵ ਸੀ ਅਤੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਆਪਣੇ ਲਈ ਆਪ ਹੀ ਬਣਾਈ ਸੰਸਕਾਰ ਚਿਤਾ
ਮਨੋਜ ਨੇ ਖੁਦ ਕਮਰੇ 'ਚ ਲੱਕੜ ਦੀ ਵਰਤੋਂ ਕਰਕੇ ਚਿਤਾ ਬਣਾਈ, ਉਸ 'ਤੇ ਲੇਟ ਕੇ ਅੱਗ ਲਗਾ ਦਿੱਤੀ। ਉਸ ਦੀ ਚੀਕ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਕਤ ਲੋਕ ਕਿਸੇ ਤਰ੍ਹਾਂ ਸੜੇ ਵਿਅਕਤੀ ਨੂੰ ਕਮਰੇ 'ਚੋਂ ਬਾਹਰ ਲੈ ਗਏ, ਹਾਲਾਂਕਿ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮਨੋਜ ਘਰ 'ਚ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਵਿਆਹ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਪੋਸਟਮਾਰਟਮ ਤੋਂ ਬਾਅਦ ਹੋਵੇਗਾ ਐੱਚ.ਆਈ.ਵੀ ਦਾ ਖੁਲਾਸਾ
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮਨੋਜ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੂੰ ਐੱਚਆਈਵੀ ਸੀ ਜਾਂ ਨਹੀਂ, ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗਾ।