ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਨੇ ਸੰਹੁ ਚੁੱਕ ਲਈ ਹੈ। ਦੱਸ ਦੇਈਏ ਕਿ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਰਾਜਧਾਨੀ ਓਟਾਵਾ ਵਿਚ ਹੋਇਆ ਸੰਹੁ ਚੁੱਕ ਸਮਾਗਮ
ਕਾਰਨੀ ਦਾ ਸਹੁੰ ਚੁੱਕ ਸਮਾਗਮ ਰਾਜਧਾਨੀ ਓਟਾਵਾ ਦੇ ਰਿਡੋ ਹਾਲ ਦੇ ਬਾਲਰੂਮ ਵਿਚ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਦੇ ਮੰਤਰੀ ਮੰਡਲ ਨੇ ਵੀ ਸਹੁੰ ਚੁੱਕੀ। ਮਾਰਕ ਕਾਰਨੀ ਨੇ ਭਾਰਤ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਗੱਲ ਕੀਤੀ ਹੈ। ਉਹ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਣਾਅ ਨੂੰ ਖਤਮ ਕਰਨਾ ਚਾਹੁੰਦੇ ਹਨ।
ਚੋਣਾਂ ਤੋਂ ਪਹਿਲਾਂ, ਉਨ੍ਹਾਂ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹ ਭਾਰਤ ਨਾਲ ਵਪਾਰਕ ਸੰਬੰਧ ਬਹਾਲ ਕਰਨਗੇ। ਮਾਰਕ ਕਾਰਨੀ ਨੇ 9 ਫਰਵਰੀ ਨੂੰ ਲਿਬਰਲ ਪਾਰਟੀ ਦੇ ਨੇਤਾ ਲਈ ਚੋਣ ਜਿੱਤੀ। ਕਾਰਨੀ ਨੂੰ 85.9% ਵੋਟਾਂ ਮਿਲੀਆਂ। ਮਾਰਕ ਕਾਰਨੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ। ਟਰੂਡੋ ਗਵਰਨਰ ਜਨਰਲ ਕੋਲ ਗਏ ਅਤੇ ਅਧਿਕਾਰਤ ਤੌਰ ’ਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ।
ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ। 59 ਸਾਲਾ ਕਾਰਨੇ ਨੂੰ 85.9 ਫੀਸਦੀ ਵੋਟਾਂ ਮਿਲੀਆਂ।
ਕੌਣ ਹਨ ਮਾਰਕ ਕਾਰਨੀ
ਟੈਰੀਟਰੀਜ਼, ਕੈਨੇਡਾ ਵਿੱਚ ਜਨਮੇ, ਮਾਰਕ ਕਾਰਨੀ ਨੇ ਆਪਣਾ ਬਚਪਨ ਐਡਮੰਟਨ ਵਿੱਚ ਬਿਤਾਇਆ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ, ਅਮਰੀਕਾ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ 1995 ਵਿੱਚ ਅਰਥ ਸ਼ਾਸਤਰ ਵਿੱਚ ਡਾਕਟਰੇਟ ਕੀਤੀ।
2008 ਵਿੱਚ, ਉਨ੍ਹਾਂ ਨੂੰ ਬੈਂਕ ਆਫ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। 2010 ਵਿੱਚ, ਦੁਨੀਆ ਦੇ ਮਸ਼ਹੂਰ ਮੈਗਜ਼ੀਨ ਟਾਈਮ ਨੇ ਉਨ੍ਹਾਂ ਨੂੰ ਦੁਨੀਆ ਦੇ 25 ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਦਾ ਨਾਂ ਦਿੱਤਾ। ਇਸ ਤੋਂ ਇਲਾਵਾ ਸਾਲ 2012 'ਚ ਯੂਰੋਮਨੀ ਮੈਗਜ਼ੀਨ ਨੇ ਉਨ੍ਹਾਂ ਨੂੰ 'ਸੈਂਟਰਲ ਬੈਂਕ ਗਵਰਨਰ ਆਫ ਦਿ ਈਅਰ' ਐਲਾਨਿਆ।
ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ
ਹਾਲ ਹੀ ਵਿੱਚ ਉਹ ਜਲਵਾਯੂ ਕਾਰਵਾਈ ਅਤੇ ਵਿੱਤ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਰਹੇ ਹਨ। ਉਨ੍ਹਾਂ ਨੇ ਬਰੁਕਫੀਲਡ ਐਸੇਟ ਮੈਨੇਜਮੈਂਟ ਵਿਖੇ ਟਰਾਂਜਿਸ਼ਨ ਇਨਵੈਸਟਿੰਗ ਦਾ ਅਹੁਦਾ ਵੀ ਸੰਭਾਲਿਆ ਹੈ। 2012 ਵਿੱਚ ਹੀ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਨ ਦਾ ਮੌਕਾ ਦਿੱਤਾ ਸੀ। ਪਰ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ।