ਲੋਕ ਇਨਸਾਫ਼ ਪਾਰਟੀ ਦੇ ਸੰਸਥਾਪਕ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰੇ ਆਗੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨਾ ਇੱਕ ਗੰਭੀਰ ਸਮਝੌਤਾ ਹੈ ਅਤੇ ਪਾਰਟੀ ਦੇ ਪਤਨ ਦੀ ਨਿਸ਼ਾਨੀ ਹੈ।
ਕਾਂਗਰਸ ਵਿੱਚ ਮਾੜੀ ਸਾਖ ਵਾਲੇ ਆਗੂਆਂ ਦਾ ਰੁਝਾਨ
ਚੌਧਰੀ ਨੇ ਕਿਹਾ ਕਿ ਕਾਂਗਰਸ ਵਿੱਚ ਮਾੜੀ ਸਾਖ ਵਾਲੇ ਆਗੂਆਂ ਨੂੰ ਸ਼ਾਮਲ ਕਰਨ ਦਾ ਰੁਝਾਨ ਪੈਦਾ ਹੋ ਗਿਆ ਹੈ। ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣਾ ਵੀ ਇਸੇ ਦਾ ਇੱਕ ਹਿੱਸਾ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ ਬੈਂਸ ਭਰਾਵਾਂ ਨੂੰ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਅਤੇ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ, ਜਿਸ ਦਾ ਵਿਕਰਮਜੀਤ ਚੌਧਰੀ ਵਿਰੋਧ ਕਰ ਰਹੇ ਹਨ।
ਪਾਰਟੀ ਦਾ ਬਚਣਾ ਮੁਸ਼ਕਲ
ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ, ਜਿਸ ਕਰਕੇ ਪਾਰਟੀ ਲੀਡਰਸ਼ਿਪ ਬਲਾਤਕਾਰ ਦੇ ਦੋਸ਼ੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਮਜਬੂਰ ਹੈ। ਕਾਂਗਰਸ ਪਾਰਟੀ ਜੋ ਕਦੇ ਨੈਤਿਕ ਆਗੂਆਂ ਦਾ ਘਰ ਸੀ, ਹੁਣ ਨੈਤਿਕ ਗਿਰਾਵਟ ਵਿੱਚ ਡੁੱਬ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੀ ਨੈਤਿਕਤਾ ਅਤੇ ਉੱਚੇ ਮਿਆਰਾਂ ਨੂੰ ਕਾਇਮ ਰੱਖ ਕੇ ਕੰਮ ਕਰਨ ਦੀ ਲੋੜ ਹੈ।
ਮਦਰਜ਼ ਡੇਅ 'ਤੇ ਔਰਤਾਂ ਵਿਰੁੱਧ ਲਿਆ ਗਿਆ ਫੈਸਲਾ
ਕਾਂਗਰਸ ਨੇ ਮਦਰਜ਼ ਡੇਅ 'ਤੇ ਔਰਤਾਂ ਨੂੰ ਦਿੱਤਾ ਬਹੁਤ ਵਧੀਆ ਤੋਹਫਾ ਦਿੱਤਾ ਹੈ, ਜਿਨਾਂ ਗਲਤ ਫੈਸਲਾ ਲੈਂਦਿਆਂ ਉਨ੍ਹਾਂ ਬੈਂਸ ਭਰਾਵਾਂ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ਖਿਲਾਫ ਸਿਮਰਜੀਤ ਬੈਂਸ 'ਤੇ ਔਰਤਾਂ ਨਾਲ ਛੇੜਛਾੜ ਵਰਗੇ ਘਿਨਾਉਣੇ ਦੋਸ਼ ਲੱਗੇ ਹਨ। ਉਹ ਧਾਰਾ 376 ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਵਿਕਰਮਜੀਤ ਚੌਧਰੀ ਨੇ ਦੱਸਿਆ ਕਿ 2020 'ਚ ਔਰਤ ਦੇ ਇਲਜ਼ਾਮ 'ਤੇ ਸਿਮਰਜੀਤ ਸਿੰਘ ਬੈਂਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੂੰ ਜੁਲਾਈ 2020 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਜ਼ਮਾਨਤ 'ਤੇ ਬਾਹਰ ਹੈ। ਵਿਕਰਮਜੀਤ ਨੇ ਔਰਤਾਂ ਦੀ ਸੁਰੱਖਿਆ ਪ੍ਰਤੀ ਕਾਂਗਰਸ ਦੀ ਵਚਨਬੱਧਤਾ 'ਤੇ ਸਵਾਲ ਉਠਾਏ ਹਨ।