ਕਿਸਾਨਾਂ ਦੀ ਮਹਾਪੰਚਾਇਤ ਅੱਜ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਵੱਖ-ਵੱਖ ਰਾਜਾਂ ਤੋਂ ਪੁੱਜੇ।
ਸਟੇਜ ਤੋਂ ਕੀ ਬੋਲੇ ਡੱਲੇਵਾਲ
ਸਟੇਜ ਉਤੇ ਕਿਸਾਨ ਆਗੂ ਜਗਜੀਤ ਸਿੰਘ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਕਿਉਂਕਿ 40 ਦਿਨਾਂ ਤੋਂ ਉਹ ਮਰਨ ਵਰਤ ਉਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਨੇ ਮੈਨੂੰ ਕਈ ਵਾਰ ਧਰਨੇ ਵਿਚੋਂ ਚੁੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਪੰਜਾਬ ਅਤੇ ਹਰਿਆਣਾ ਤੋਂ ਸੈਂਕੜੇ ਨੌਜਵਾਨਾਂ ਨੇ ਸਾਡੇ ਕੋਲ ਪਹੁੰਚ ਕੇ ਮੋਰਚਾ ਸੰਭਾਲ ਲਿਆ। ਜੋ ਅੱਜ ਮੋਰਚੇ ਤੇ ਪਹੁੰਚੇ ਹਨ, ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਸੀਂ ਮੋਰਚਾ ਜਿੱਤ ਕੇ ਰਹਾਂਗੇ।
ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣਾ ਜ਼ਰੂਰੀ
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਜ਼ਰੂਰੀ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਲਗਭਗ 4 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਅਸਲ ਅੰਕੜਿਆਂ ਵਿੱਚ ਹੁਣ ਤੱਕ 7 ਲੱਖ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਡੱਲੇਵਾਲ ਨੇ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਅੱਗੇ ਆਉਣ ਦੀ ਅਪੀਲ ਕੀਤੀ, ਤਾਂ ਜੋ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਮਰਨ ਵਰਤ ਦਾ 40ਵਾਂ ਦਿਨ
ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ 'ਤੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ 4 ਜਨਵਰੀ ਨੂੰ ਅੱਜ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ।
ਟੋਹਾਣਾ ਵਿਚ ਵੀ ਮਹਾਪੰਚਾਇਤ
ਇਸ ਦੇ ਨਾਲ ਹੀ ਹਰਿਆਣਾ ਦੇ ਟੋਹਾਣਾ ਵਿੱਚ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਮਹਾਂਪੰਚਾਇਤ ਹੋਈ। ਇਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖਨੌਰੀ ਸਰਹੱਦ 'ਤੇ ਚੱਲ਼ ਰਹੇ ਅੰਦੋਲਨ ਨੂੰ ਲੰਮਾ ਕਰਨਾ ਚਾਹੁੰਦੀ ਹੈ। ਜੇਕਰ ਡੱਲੇਵਾਲ ਦੀ ਜਾਨ ਚਲੀ ਜਾਂਦੀ ਹੈ ਤਾਂ ਮ੍ਰਿਤਕ ਦੇਹ ਸਰਕਾਰ ਹਵਾਲੇ ਨਹੀਂ ਕੀਤੀ ਜਾਵੇਗੀ।
ਸੁਪਰੀਮ ਕੋਰਟ ਦਾ ਕੀਤਾ ਧੰਨਵਾਦ
ਡੱਲੇਵਾਲ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਮੇਰੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਮੈਂ ਇਸ 'ਤੇ ਧੰਨਵਾਦ ਪ੍ਰਗਟ ਕਰਦਾ ਹਾਂ, ਪਰ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਕੀ ਕਸੂਰ ਸੀ? ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤਾਂ ਦੂਜੇ ਰਾਜਾਂ ਦੇ ਨੇਤਾਵਾਂ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਕਿ ਪੰਜਾਬ ਤਿੰਨ ਕਾਨੂੰਨ ਵਾਪਸ ਲੈ ਕੇ ਵਾਪਸ ਆ ਗਿਆ ਹੈ। ਤਾਂ ਅਸੀਂ ਜਵਾਬ ਦਿੱਤਾ ਕਿ ਅਸੀਂ ਕਿਸੇ ਨਾਲ ਧੋਖਾ ਨਹੀਂ ਕੀਤਾ। ਮੈਂ ਸਾਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਤੱਕ ਗੱਲ ਪਹੁੰਚਾਓ। ਇਸ ਨਾਲ ਸਰਕਾਰ ਨੂੰ ਪਤਾ ਲੱਗੇਗਾ ਕਿ ਇਹ ਅੰਦੋਲਨ ਸਿਰਫ਼ ਪੰਜਾਬ ਦਾ ਨਹੀਂ ਹੈ।