ਪੰਜਾਬ 'ਚ ਇਕ ਵਾਰ ਫਿਰ ਸੰਘਣੀ ਧੁੰਦ ਕਾਰਨ ਅਬੋਹਰ ਮਲੋਟ ਰੋਡ 'ਤੇ ਗੋਬਿੰਦਗੜ੍ਹ ਨੇੜੇ ਦੋ ਬੱਸਾਂ ਆਪਸ 'ਚ ਟਕਰਾ ਗਈਆਂ। ਇਹ ਹਾਦਸਾ ਇੱਕ ਨਿੱਜੀ ਅਤੇ ਸਰਕਾਰੀ ਬੱਸ ਵਿਚਾਲੇ ਹੋਇਆ, ਜਿਸ ਵਿੱਚ ਬੱਸ ਕੰਡਕਟਰ ਜ਼ਖ਼ਮੀ ਹੋ ਗਿਆ। ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਯਾਤਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਦੌਰਾਨ ਜ਼ਖਮੀ ਕੰਡਕਟਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਨਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਬੱਸ ਵਿੱਚ ਜਲੰਧਰ ਤੋਂ ਸ੍ਰੀ ਗੰਗਾਨਗਰ ਆ ਰਿਹਾ ਸੀ। ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜਦੋਂ ਉਨ੍ਹਾਂ ਦੀ ਬੱਸ ਗੋਬਿੰਦਗੜ੍ਹ ਪੁਲ ਨੂੰ ਪਾਰ ਕਰਕੇ ਅੱਗੇ ਵਧੀ ਤਾਂ ਧੁੰਦ ਕਾਰਨ ਕਰੀਬ ਦੋ ਕਿਲੋਮੀਟਰ ਅੱਗੇ ਜਾ ਕੇ ਬੈਂਕ ਕੋਲ ਜਾ ਕੇ ਰੁਕ ਗਈ। ਔਰਬਿਟ ਨੇ ਪਿੱਛੇ ਤੋਂ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ।
ਔਰਬਿਟ ਬੱਸ ਦਾ ਕੰਡਕਟਰ ਜ਼ਖ਼ਮੀ
ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਬਿਟ ਕੰਪਨੀ ਦੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਦੋਂਕਿ ਸਰਕਾਰੀ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਔਰਬਿਟ ਕੰਪਨੀ ਦਾ ਕੰਡਕਟਰ ਬਘੇਲ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਟੋਲ ਪਲਾਜ਼ਾ ਦੇ ਮੁਲਾਜ਼ਮ ਵੀ ਸ਼ਾਮ 5 ਵਜੇ ਮੌਕੇ ’ਤੇ ਪੁੱਜੇ ਅਤੇ ਹਾਦਸਾਗ੍ਰਸਤ ਬੱਸਾਂ ਨੂੰ ਪਾਸੇ ਕਰ ਦਿੱਤਾ।
20 ਸਵਾਰੀਆਂ ਨਾਲ ਚੰਡੀਗੜ੍ਹ ਜਾ ਰਹੇ ਸਨ
ਔਰਬਿਟ ਬੱਸ ਦੇ ਡਰਾਈਵਰ ਕੁਲਦੀਪ ਨੇ ਦੱਸਿਆ ਕਿ ਉਹ ਬੱਸ ਵਿੱਚ 20 ਦੇ ਕਰੀਬ ਸਵਾਰੀਆਂ ਲੈ ਕੇ ਅਬੋਹਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਕਿ ਰਸਤੇ ਵਿੱਚ ਉਕਤ ਪਨ ਬੱਸ ਦਾ ਡਰਾਈਵਰ ਮਲੋਟ ਚੌਕ ਤੋਂ ਯੂ-ਟਰਨ ਲੈ ਰਿਹਾ ਸੀ ਤਾਂ ਉਸ ਦੀ ਬੱਸ ਨਾਲ ਟੱਕਰ ਹੋ ਗਈ। ਪਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।