ਖਬਰਿਸਤਾਨ ਨੈੱਟਵਰਕ- ਮੋਹਾਲੀ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ। ਅਦਾਲਤ ਨੇ ਮਜੀਠੀਆ ਦਾ ਵਿਜੀਲੈਂਸ ਨੂੰ 4 ਦਿਨਾਂ ਦਾ ਹੋਰ ਰਿਮਾਂਡ ਦਿੱਤਾ ਹੈ।
ਸਰਕਾਰੀ ਵਕੀਲ ਨੇ ਆਖੀ ਇਹ ਗੱਲ
ਇਸ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਜਾਂਚ ਦੌਰਾਨ ਕਈ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ। ਜਾਂਚ ਦੌਰਾਨ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਾ ਹੈ, ਜਿਸ ਵਿੱਚ ਸ਼ਿਮਲਾ ਵਿੱਚ 402 ਹੈਕਟੇਅਰ ਦੀ ਬੇਨਾਮੀ ਜਾਇਦਾਦ ਵੀ ਸ਼ਾਮਲ ਹੈ।
ਮਜੀਠੀਆ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ
ਸਰਕਾਰੀ ਵਕੀਲ ਨੇ ਅੱਗੇ ਕਿਹਾ ਕਿ ਮਜੀਠੀਆ ਨੇ ਸ਼ਿਮਲਾ ਵਿੱਚ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। 17-18 ਖਾਤਿਆਂ ਵਿੱਚ 161 ਕਰੋੜ ਨਕਦ ਜਮ੍ਹਾ ਕਰਵਾਏ ਗਏ ਸਨ। ਇਹ ਮਾਮਲਾ ਡਰੱਗ ਮਨੀ ਨਾਲ ਵੀ ਸਬੰਧਤ ਹੈ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਵਿਜੀਲੈਂਸ ਨੂੰ ਸ਼ਿਮਲਾ, ਚੰਡੀਗੜ੍ਹ, ਮਜੀਠਾ ਵਿੱਚ ਕੁਝ ਵੀ ਨਹੀਂ ਮਿਲਿਆ ਹੈ। ਮਜੀਠੀਆ ਦੀ ਸਾਰੀ ਆਮਦਨ ਘੋਸ਼ਿਤ ਕੀਤੀ ਗਈ ਹੈ।
ਵਿਜੀਲੈਂਸ ਨੇ ਦਿੱਤੀ ਇਹ ਦਲੀਲ
ਵਿਜੀਲੈਂਸ ਨੇ ਮੋਹਾਲੀ ਅਦਾਲਤ ਵਿੱਚ ਦਲੀਲ ਦਿੱਤੀ ਕਿ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸਨੂੰ ਦੂਜੇ ਰਾਜਾਂ ਵਿੱਚ ਵੀ ਲਿਜਾਣਾ ਪਵੇਗਾ। ਇਸ ਲਈ ਉਸਦਾ ਰਿਮਾਂਡ ਵਧਾਇਆ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਉਸਨੂੰ 4 ਦਿਨ ਦਾ ਰਿਮਾਂਡ ਦਿੱਤਾ।
ਸੁਖਬੀਰ ਬਾਦਲ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ
ਦੱਸ ਦੇਈਏ ਕਿ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਪੰਜਾਬ ਵਿਚ ਕਈ ਅਕਾਲੀ ਲੀਡਰ ਤੇ ਵਰਕਰਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਸੀ। ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਸਮਰਥਕਾਂ ਨਾਲ ਮੋਹਾਲੀ ਪਹੁੰਚੇ ਸਨ ਪਰ ਅਦਾਲਤ ਵੱਲ ਆਉਂਦੇ ਦੇਖ ਕੇ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਹੁਣ ਪੁਲਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ।
ਵਿਜੀਲੈਂਸ ਨੇ ਘਰ ਰੇਡ ਕਰ ਕੇ ਫੜਿਆ ਸੀ ਮਜੀਠੀਆ
ਜ਼ਿਕਰਯੋਗ ਹੈ ਕਿ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਸਦੇ ਘਰ ਤੋਂ ਵਿਜੀਲੈਂਸ ਨੇ ਰੇਡ ਕਰ ਕੇ ਫੜਿਆ ਸੀ। ਉਸ 'ਤੇ ਆਮਦਨ ਤੋਂ ਵੱਧ 540 ਕਰੋੜ ਰੁਪਏ ਦੀ ਜਾਇਦਾਦ ਰੱਖਣ ਦਾ ਦੋਸ਼ ਹੈ। ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਮਜੀਠੀਆ ਦਾ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਸੀ। ਇਸ ਤੋਂ ਬਾਅਦ ਅੱਜ ਰਿਮਾਂਡ ਖਤਮ ਹੋਣ ਉਤੇ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਹੁਣ ਰਿਮਾਂਡ ਵਧਾ ਦਿੱਤਾ ਗਿਆ ਹੈ।