ਲੋਕ ਸਭਾ ਚੋਣਾਂ ਦੌਰਾਨ ਜਲੰਧਰ ਵਿਚ ਨੇਤਾਵਾਂ ਨੇ ਖੂਬ ਦਲ-ਬਦਲੀ ਕੀਤੀ। ਹੁਣ ਜਲੰਧਰ ਪੱਛਮੀ ਸੀਟ 'ਤੇ ਉਪ ਚੋਣ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਮਹਿੰਦਰ ਸਿੰਘ ਕੇਪੀ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਹਨ।
ਚਰਚਾ ਇਹ ਵੀ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਜਲੰਧਰ ਪੱਛਮੀ ਸੀਟ ਤੋਂ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਮਹਿੰਦਰ ਕੇਪੀ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਜਲੰਧਰ ਦੇ ਸਿਆਸੀ ਹਲਕਿਆਂ ਵਿਚ ਇਸ ਦੀ ਚਰਚਾ ਜ਼ੋਰਾਂ 'ਤੇ ਹੈ।
ਕਾਂਗਰਸ ਨਾਲ ਨਾਰਾਜ਼ਗੀ ਕਾਰਨ ਪਾਰਟੀ ਛੱਡੀ ਸੀ
ਦੱਸ ਦੇਈਏ ਕਿ ਮਹਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਤੋਂ ਨਾਰਾਜ਼ ਸਨ। ਕਿਉਂਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਲਗਾਤਾਰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਸੀ। ਪਾਰਟੀ ਦੇ ਇਸ ਰਵੱਈਏ ਤੋਂ ਉਹ ਕਾਫੀ ਦੁਖੀ ਹੋਏ ਅਤੇ ਇਸ ਤੋਂ ਬਾਅਦ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ।
ਅਕਾਲੀ ਦਲ ਦੀ ਤਰਫੋਂ ਲੋਕ ਸਭਾ ਚੋਣਾਂ ਲੜੀਆਂ
ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਅਕਾਲੀ ਦਲ ਨੇ ਵੀ ਉਨ੍ਹਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਪਰ ਮਹਿੰਦਰ ਕੇਪੀ ਨੂੰ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਚੌਥੇ ਸਥਾਨ ’ਤੇ ਰਹੇ।
ਆਪ ਤੇ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨੇ
ਬੀਤੇ ਦਿਨ 17 ਜੂਨ ਨੂੰ ਜਲੰਧਰ ਉਪ ਚੋਣ ਲਈ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸਨ। ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਆਪਣਾ ਅਸਤੀਫਾ ਸਪੀਕਰ ਨੂੰ ਸੌਂਪ ਦਿੱਤਾ ਸੀ। ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਖਾਲੀ ਹੋ ਗਈ ਸੀ।
'ਆਪ' ਨੇ ਮਹਿੰਦਰ ਭਗਤ ਨੂੰ ਦਿੱਤੀ ਟਿਕਟ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਲਈ ਮਹਿੰਦਰ ਭਗਤ ਦੇ ਨਾਂ ਦਾ ਐਲਾਨ ਕੀਤਾ ਸੀ। ਮਹਿੰਦਰ ਭਗਤ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਹਨ। ਮਹਿੰਦਰ ਭਗਤ ਦੀ ਪੱਛਮੀ ਹਲਕੇ ਵਿੱਚ ਵੀ ਚੰਗੀ ਪਕੜ ਹੈ। ਜਿਸ ਕਾਰਨ ਪਾਰਟੀ ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਹੈ।
ਚੋਣਾਂ 10 ਜੁਲਾਈ ਨੂੰ ਹੋਣਗੀਆਂ
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਸੀਟ ਦੀ ਉਪ ਚੋਣ ਦਾ ਐਲਾਨ ਕਰ ਦਿੱਤਾ ਸੀ। ਚੋਣ ਕਮਿਸ਼ਨ ਨੇ 10 ਜੁਲਾਈ ਨੂੰ ਉਪ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਦਾ ਨਤੀਜਾ 13 ਜੁਲਾਈ ਨੂੰ ਆਵੇਗਾ।