ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ , ਕਰੀਬ ਪੰਜ ਮਹੀਨਿਆਂ ਬਾਅਦ ਅੱਜ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ। ਜੋ ਕਿ 4 ਸਤੰਬਰ ਤੱਕ ਚੱਲੇਗਾ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ।
ਫਾਇਰ ਸੇਫਟੀ ਨਿਯਮਾਂ 'ਚ ਸੋਧ
ਇਸ ਦੇ ਨਾਲ ਹੀ ਪੰਜਾਬ ਫਾਇਰ ਸੇਫਟੀ ਨਿਯਮਾਂ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਹੁਣ ਲੋਕਾਂ ਨੂੰ ਹਰ ਸਾਲ ਨਹੀਂ ਸਗੋਂ ਤਿੰਨ ਸਾਲ ਬਾਅਦ ਫਾਇਰ ਸੇਫਟੀ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਦੇ ਨਾਲ ਹੀ ਫਾਇਰ ਵਿਭਾਗ ਵਿੱਚ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ | ਖਾਸ ਤੌਰ 'ਤੇ ਔਰਤਾਂ ਲਈ ਭਰਤੀ ਨਿਯਮਾਂ ਨੂੰ ਆਸਾਨ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇਗੀ ਤਾਂ ਜੋ ਉਹ ਵੀ ਆਸਾਨੀ ਨਾਲ ਫਾਇਰ ਵਿਭਾਗ ਵਿੱਚ ਭਰਤੀ ਹੋ ਸਕਣ।
ਫੈਮਿਲੀ ਕੋਰਟ 'ਚ ਕੌਂਸਲਰਾਂ ਨੂੰ ਮਿਲੇਗਾ ਭੱਤਾ
ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਦੀ ਫੈਮਿਲੀ ਕੋਰਟ ਵਿੱਚ ਤਾਇਨਾਤ ਕੌਂਸਲਰਾਂ ਨੂੰ ਹੁਣ 600 ਰੁਪਏ ਰੋਜ਼ਾਨਾ ਭੱਤਾ ਮਿਲੇਗਾ। ਇਸ ਮੀਟਿੰਗ ਵਿੱਚ ਭੱਤੇ ਵਿੱਚ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਉਨ੍ਹਾਂ ਨੂੰ 75 ਰੁਪਏ ਪ੍ਰਤੀ ਦਿਨ ਭੱਤਾ ਮਿਲ ਰਿਹਾ ਸੀ। ਜੋ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਹੈ।
ਖੇਡ ਨੀਤੀ ਨੂੰ ਦਿੱਤੀ ਗਈ ਮਨਜ਼ੂਰੀ
ਰਾਜ ਵਿੱਚ ਅਪਾਹਜ ਬੱਚਿਆਂ ਦੀ ਦੇਖਭਾਲ ਲਈ ਇੱਕ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸੂਬੇ ਦੀ ਪਹਿਲੀ ਖੇਡ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਲਈ 500 ਅਸਾਮੀਆਂ ਦਾ ਕਾਡਰ ਬਣਾਇਆ ਜਾਵੇਗਾ। ਇਸ ਵਿੱਚ 460 ਸੀਨੀਅਰ ਅਸਾਮੀਆਂ ਅਤੇ 40 ਡਿਪਟੀ ਡਾਇਰੈਕਟਰ ਦੀਆਂ ਅਸਾਮੀਆਂ ਸ਼ਾਮਲ ਹੋਣਗੀਆਂ।
ਇਸ ਤੋਂ ਇਲਾਵਾ ਰਾਜ ਯੁਵਕ ਸੇਵਾਵਾਂ ਨੀਤੀ 2024 ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਰ ਪਿੰਡ ਵਿੱਚ ਯੂਥ ਕਲੱਬ ਬਣੇਗਾ। 15 ਤੋਂ 35 ਸਾਲ ਦੀ ਉਮਰ ਦੇ ਲੋਕ ਮੈਂਬਰ ਹੋਣਗੇ। ਕਰੀਬ ਅੱਠ ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਸਬੰਧੀ ਪਹਿਲਾਂ ਹੀ ਨੀਤੀ ਤਿਆਰ ਕੀਤੀ ਜਾ ਚੁੱਕੀ ਹੈ।