ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਛੇੜ-ਛਾੜ ਕਰਨ 'ਤੇ ਮਾਂ ਚਰਨ ਕੌਰ ਦੀ ਚਿਤਾਵਨੀ, ਕਿਹਾ- ਕੀਤੀ ਜਾਵੇਗੀ ਸਖਤ ਕਾਰਵਾਈ
ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਦੁਰਵਰਤੋਂ ਕਰ ਕੇ ਸਿੱਧੂ ਮੂਸੇਵਾਲਾ ਦੀ ਫੋਟੋ ਤੋਂ ਪੱਗ ਹਟਾ ਦਿੱਤੀ ਗਈ ਹੈ।
ਮੇਰਾ ਪੁੱਤਰ ਸੱਚ ਕਹਿੰਦਾ ਸੀ
ਪੋਸਟ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, "ਜੇ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ, ਤਾਂ ਬਦਨਾਮ ਕਰਨਾ ਸ਼ੁਰੂ ਕਰ ਦਿਓ। ਜਦੋਂ ਮੇਰਾ ਪੁੱਤਰ ਸਟੇਜ 'ਤੇ ਇਹ ਸਾਰੀਆਂ ਸੱਚੀਆਂ ਗੱਲਾਂ ਕਹਿੰਦਾ ਸੀ, ਤਾਂ ਕੁਝ ਲੋਕ ਉਸਦਾ ਵਿਰੋਧ ਕਰਦੇ ਸਨ ਪਰ ਮੇਰੇ ਪੁੱਤਰ ਨੇ ਸੱਚ ਬੋਲਿਆ ਸੀ। ਮੇਰੇ ਪੁੱਤਰ ਦੀ ਤਸਵੀਰ ਤੋਂ ਪੱਗ ਹਟਾ ਕੇ ਸਿਰਫ਼ ਪੱਗ ਦਾ ਹੀ ਨਹੀਂ ਸਗੋਂ ਪੂਰੇ ਪੰਜਾਬੀ ਸੱਭਿਆਚਾਰ ਦਾ ਨਿਰਾਦਰ ਕੀਤਾ ਗਿਆ ਹੈ।
ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ
ਉਨ੍ਹਾਂ ਅੱਗੇ ਕਿਹਾ ਕਿ ਚੰਗੇ ਕੰਮ ਲਈ ਏਆਈ ਦੀ ਸਹੂਲਤ ਦੀ ਵਰਤੋਂ ਕਰੋ ਕੁਝ ਸਿੱਖੋ। ਮੇਰੇ ਪੁੱਤਰ, ਜੋ ਹੁਣ ਇਸ ਦੁਨੀਆ ਉਤੇ ਨਹੀਂ, ਉਸ ਦਾ ਮਜ਼ਾਕ ਉਡਾ ਕੇ ਮੇਰੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ।" ਉਨ੍ਹਾਂ ਅੱਗੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਦੁਬਾਰਾ ਅਜਿਹਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਾਲ ਹੀ, ਗਾਇਕ ਦੇ ਪ੍ਰਸ਼ੰਸਕ ਅਜਿਹਾ ਕੰਮ ਕਰਨ ਵਾਲਿਆਂ ਦੀ ਸਖ਼ਤ ਨਿੰਦਾ ਕਰ ਰਹੇ ਹਨ।
'Mother','Charan Kaur','warning','Sidhu Moose Wala','Punjab'