ਤਰਨਤਾਰਨ ਵਿਚ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਇਕ ਗਰਭਵਤੀ ਔਰਤ ਦਾ ਕਤਲ ਕਰ ਦਿੱਤਾ। ਪੱਟੀ ਵਿਚ ਪੈਂਦੇ ਵਾਰਡ ਨੰਬਰ 2 ਵਿਚ ਅੱਜ 12 ਵਜੇ ਦੇ ਕਰੀਬ ਇਹ ਵਾਰਦਾਤ ਹੋਈ।
ਚਾਰ ਮਹੀਨਿਆਂ ਦੀ ਸੀ ਗਰਭਵਤੀ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਚਾਰ ਮਹੀਨਿਆਂ ਦੀ ਗਰਭਵਤੀ ਸੀ। ਮ੍ਰਿਤਕਾ ਦੀ ਸੱਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੌਬੀ ਨਾਂ ਦੇ ਨੌਜਵਾਨ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਐਤਵਾਰ ਨੂੰ ਬੌਬੀ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ, ਜੋ ਕਿ ਗੋਲੀ ਉਨ੍ਹਾਂ ਦੀ ਨੂੰਹ ਸੁਨੀਤਾ ਰਾਣੀ ਦੇ ਵੱਜੀ, ਜਿਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।
ਮ੍ਰਿਤਕਾ ਦੇ ਪਤੀ ਦਾ ਬਿਆਨ
ਮ੍ਰਿਤਕਾ ਸੁਨੀਤਾ ਰਾਣੀ ਦੇ ਪਤੀ ਰਾਜਾ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਸਾਡੇ ਗੁਆਂਢ ਵਿਚ ਰਹਿੰਦੇ 8 ਨੌਜਵਾਨਾਂ ਨੇ ਸਾਡੇ ਘਰ ਅੰਦਰ ਵੜ ਕੇ ਨਜਾਇਜ਼ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਸੀ, ਜਿਸ ਦੀ ਸੂਚਨਾ ਅਸੀਂ ਸਥਾਨਕ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੋਹਤਬਰਾਂ ਨੇ ਸਾਡਾ ਰਾਜ਼ੀਨਾਮਾ ਕਰਵਾ ਦਿੱਤਾ ਸੀ।
ਅੱਜ ਫਿਰ ਦੁਪਹਿਰ ਸਮੇਂ ਹਮਲਾਵਰਾਂ ਨੇ ਨਜਾਇਜ਼ ਹਥਿਆਰਾਂ ਨਾਲ ਘਰ ਅੰਦਰ ਆ ਕੇ ਗੋਲੀਆਂ ਚਲਾਈਆਂ, ਜਿਸ ਕਾਰਨ ਮੇਰੀ ਪਤਨੀ ਸੁਨੀਤਾ ਰਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।