NEET UG ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਪੇਪਰ ਲੀਕ ਮਾਮਲੇ ਦੀ ਵੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਸੀਬੀਆਈ ਨੇ ਇਹ ਰਿਪੋਰਟ ਸੀਲਬੰਦ ਕਵਰ ਹੇਠ ਦਾਖ਼ਲ ਕੀਤੀ ਹੈ।
NTA ਨੇ ਹਲਫਨਾਮਾ ਦਾਇਰ ਕੀਤਾ ਹੈ
ਇਸ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੁਪਰੀਮ ਕੋਰਟ 'ਚ ਆਪਣਾ ਹਲਫਨਾਮਾ ਦਾਇਰ ਕੀਤਾ ਹੈ। ਐਨਟੀਏ ਨੇ ਹਲਫ਼ਨਾਮੇ ਵਿੱਚ ਕਿਹਾ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪੇਪਰ ਤਿਆਰ ਕਰਨ ਲਈ ਸਖ਼ਤ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਂਦਾ ਹੈ। ਕਈ ਵਿਸ਼ਾ ਮਾਹਿਰਾਂ ਦੀ ਹਾਜ਼ਰੀ ਵਿੱਚ ਪੇਪਰ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਸੀਲਬੰਦ ਲਿਫ਼ਾਫ਼ਿਆਂ ਵਿੱਚ ਰੱਖਿਆ ਜਾਂਦਾ ਹੈ।
ਕੇਂਦਰ ਨੇ ਕਿਹਾ- ਪੇਪਰ 'ਚ ਧਾਂਦਲੀ ਦਾ ਕੋਈ ਸਬੂਤ ਨਹੀਂ ਮਿਲਿਆ
ਕੇਂਦਰ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ IIT ਮਦਰਾਸ ਨੇ NEET UG ਨਤੀਜਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਅਨੁਸਾਰ ਪ੍ਰੀਖਿਆ ਵਿੱਚ ਵੱਡੇ ਪੱਧਰ ’ਤੇ ਧਾਂਦਲੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਨਾ ਹੀ ਕਿਸੇ ਇੱਕ ਖੇਤਰ ਦੇ ਉਮੀਦਵਾਰਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਹੈ। ਇਸ ਲਈ ਅਸੀਂ ਦੁਬਾਰਾ ਪ੍ਰੀਖਿਆ ਨਹੀਂ ਕਰਵਾਉਣਾ ਚਾਹੁੰਦੇ। ਇਸ ਦੇ ਨਾਲ ਹੀ, NEET ਕਾਉਂਸਲਿੰਗ ਜੁਲਾਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਵੇਗੀ। ਇਹ ਚਾਰ ਰਾਉਂਡ 'ਚ ਹੋਵੇਗੀ ।
ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪ੍ਰੀਖਿਆ ਕਰ ਰਹੀ ਕੇਂਦਰ ਅਤੇ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ, ਸਾਨੂੰ ਇਨਕਾਰ ਕਰਨ ਦੇ ਮੋਡ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਨਾਲ ਸਮੱਸਿਆ ਹੋਰ ਵਧ ਜਾਵੇਗੀ। ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।
11 ਵਿਅਕਤੀ ਨੂੰ ਕੀਤਾ ਗਿਆ ਹੈ ਗ੍ਰਿਫਤਾਰ
ਦੂਜੇ ਪਾਸੇ ਸੀਬੀਆਈ ਨੇ ਮੰਗਲਵਾਰ ਨੂੰ ਪੇਪਰ ਲੀਕ ਮਾਮਲੇ ਵਿੱਚ ਪਟਨਾ ਤੋਂ ਇੱਕ ਉਮੀਦਵਾਰ ਸਮੇਤ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਏਜੰਸੀ ਨੇ ਪੇਪਰ ਲੀਕ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੇ ਸਬੰਧ ਵਿਚ ਕਿਸੇ ਉਮੀਦਵਾਰ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਨਾਲੰਦਾ ਦੇ ਰਹਿਣੇ ਵਾਲੇ NEET-UG ਉਮੀਦਵਾਰ ਸੰਨੀ, ਅਤੇ ਗਯਾ ਦੇ ਰਹਿਣ ਵਾਲੇ ਦੂਜੇ ਉਮੀਦਵਾਰ ਰਣਜੀਤ ਕੁਮਾਰ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੀਬੀਆਈ ਨੇ ਪੇਪਰ ਲੀਕ ਮਾਮਲੇ ਵਿੱਚ ਬਿਹਾਰ ਤੋਂ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਹਾਰਾਸ਼ਟਰ ਦੇ ਲਾਤੂਰ, ਗੁਜਰਾਤ ਦੇ ਗੋਧਰਾ 'ਚ ਹੇਰਾ-ਫੇਰੀ ਦੇ ਮਾਮਲੇ 'ਚ ਇੱਕ-ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਦੇਹਰਾਦੂਨ 'ਚ ਸਾਜ਼ਿਸ਼ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੀਬੀਆਈ ਨੇ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਸਥਿਤ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਤੇ ਉਨਾਂ ਦੋ ਵਿਅਕਤੀਆਂ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ , ਜਿਨਾਂ ਨੇ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾਈ ਸੀ ।
ਸੀਬੀਆਈ ਵੱਲੋਂ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ
ਪੇਪਰ ਲੀਕ ਮਾਮਲੇ ਦੀ ਜਾਂਚ ਵਿੱਚ ਸੀਬੀਆਈ ਵੱਲੋਂ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਬਿਹਾਰ ਵਿੱਚ ਦਰਜ ਐਫਆਈਆਰ ਪੇਪਰ ਲੀਕ ਨਾਲ ਸਬੰਧਤ ਹੈ। ਜਦੋਂਕਿ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਦਰਜ ਐਫਆਈਆਰ ਵਿਦਿਆਰਥੀਆਂ ਦੀ ਥਾਂ ਪ੍ਰੀਖਿਆ ਦੇਣ ਅਤੇ ਧੋਖਾਧੜੀ ਨਾਲ ਸਬੰਧਤ FIR ਹਨ।