ਐਨਆਈਏ ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਬਠਿੰਡਾ ਦੇ ਡੂਮਵਾਲੀ ਅਤੇ ਪਥਰਾਲਾ ਵਿੱਚ ਛਾਪੇਮਾਰੀ ਕਰ ਕੇ ਕੁਝ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੇ ਘਰਾਂ ਦੀ ਵੀ ਚੈਕਿੰਗ ਕੀਤੀ ਗਈ। NIA ਵੱਲੋਂ ਛਾਪੇਮਾਰੀ ਕਿਉਂ ਕੀਤੀ ਗਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ਐਨਆਈਏ ਦੀਆਂ ਟੀਮਾਂ ਵੱਲੋਂ ਬਠਿੰਡਾ ਦੇ ਚਾਰ ਪਿੰਡਾਂ ਦੇ ਨੌਜਵਾਨਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਹੈ ਅਤੇ ਚਾਰਾਂ ਨੂੰ ਦਿੱਲੀ ਬੁਲਾਇਆ ਗਿਆ ਹੈ। ਇਸ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਬਿੱਟਾ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚੈਕਿੰਗ ਕਿਉਂ ਕੀਤੀ ਗਈ ਹੈ ਅਤੇ ਨਾ ਹੀ ਦੱਸਿਆ ਗਿਆ ਹੈ। ਜਾਂਚ ਲਈ ਹੁਣੇ ਦਿੱਲੀ ਬੁਲਾਇਆ ਗਿਆ ਹੈ।
ਗੁਰਵਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਐਨਆਈਏ ਟੀਮ ਵੱਲੋਂ ਉਨ੍ਹਾਂ ਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ। 6 ਮਾਰਚ ਨੂੰ ਦਿੱਲੀ ਜਾ ਕੇ ਹੀ ਪਤਾ ਲੱਗੇਗਾ ਕਿ ਮਾਮਲਾ ਕੀ ਹੈ। ਇਸ ਦੇ ਨਾਲ ਹੀ ਐਨਆਈਏ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਕੁਝ ਸਮੇਂ ਬਾਅਦ ਅਧਿਕਾਰੀਆਂ ਵੱਲੋਂ ਦਿੱਤੀ ਜਾਵੇਗੀ।