ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਇਕ ਲੜਕੀ ਨੂੰ ਜ਼ਮਾਨਤ ਮਿਲ ਗਈ ਹੈ। ਵਧੀਕ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਤਨੀਸ਼ਾ ਵਰਮਾ ਵੱਲੋਂ ਆਪਣੇ ਵਕੀਲ ਰਾਹੀਂ ਦਾਇਰ ਜ਼ਮਾਨਤ ਅਰਜ਼ੀ ’ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੁੱਲ੍ਹੜ ਪੀਜ਼ਾ ਜੋੜੇ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੀ ਤਨੀਸ਼ਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।ਵਰਨਣਯੋਗ ਹੈ ਕਿ ਸ਼ਿਕਾਇਤਕਰਤਾ ਵੱਲੋਂ 20-9-2023 ਨੂੰ ਥਾਣਾ ਡਵੀਜ਼ਨ ਨੰਬਰ 4 ਵਿੱਚ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸਹਿਜ ਅਰੋੜਾ ਨੇ ਕੀਤੀ ਸੀ ਮਦਦ ਦੀ ਅਪੀਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਮਦਦ ਦੀ ਅਪੀਲ ਕੀਤੀ। ਪੀੜਤਾ ਨੇ ਭਾਵੁਕ ਹੁੰਦਿਆਂ ਬਲੈਕਮੇਲਰ ਵੱਲੋਂ ਕੀਤੀ ਚੈਟ ਨੂੰ ਜਨਤਕ ਕਰ ਕੇ ਵੱਡੇ ਖੁਲਾਸੇ ਕੀਤੇ ਸਨ। ਉਨ੍ਹਾਂ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਸਹਿਯੋਗ ਦੀ ਲੋੜ ਹੈ। ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਜਾਂ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਪੀੜਤਾ ਨੇ ਸੋਸ਼ਲ ਮੀਡੀਆ 'ਤੇ ਫੇਸਬੁੱਕ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਇਹ ਉਸ ਦੀ ਅਤੇ ਉਸ ਦੀ ਪਤਨੀ ਦੀ ਫਰਜ਼ੀ ਵੀਡੀਓ ਹੈ, ਜੋ ਕਿ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਮਕਸਦ ਨਾਲ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਉਨ੍ਹਾਂ ਦੇ ਚਿਹਰੇ ਬਦਲ ਕੇ ਵਾਇਰਲ ਕੀਤੇ ਜਾ ਰਹੇ ਹਨ।
ਇਸ ਤਰ੍ਹਾਂ ਉਹ ਵਿਵਾਦਾਂ 'ਚ ਆ ਗਿਆ
ਜ਼ਿਕਰਯੋਗ ਹੈ ਕਿ ਸ਼ਹਿਰ ਦਾ ਮਸ਼ਹੂਰ ਜੋੜਾ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਦਿਨਾਂ ਤੋਂ ਵਿਵਾਦਾਂ 'ਚ ਘਿਰਿਆ ਹੋਇਆ ਸੀ, ਜਿਸ ਤੋਂ ਬਾਅਦ ਇਸ ਜੋੜੇ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਾਮਲੇ 'ਚ ਜੋੜੇ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਜਿਸ ਬੰਦੂਕ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਸੀ, ਉਹ ਇਕ ਖਿਡੌਣਾ ਬੰਦੂਕ ਸੀ, ਜਿਸ ਤੋਂ ਬਾਅਦ ਜੋੜੇ ਨੇ ਇਸ ਮਾਮਲੇ 'ਚ ਸਮਝੌਤਾ ਕਰ ਲਿਆ।
ਪਰਿਵਾਰ ਨੇ ਦੋਸ਼ ਲਾਏ ਸਨ
ਗ੍ਰਿਫਤਾਰ ਲੜਕੀ ਦੀ ਮਾਸੀ ਨੇ ਕਿਹਾ ਸੀ ਕਿ ਉਸ ਦੀ ਧੀ 'ਤੇ ਦੋਸ਼ ਲੱਗ ਰਹੇ ਸਨ ਕਿ ਜੋ ਮੇਸੈਜ ਟਰਾਂਸਫਰ ਕੀਤੇ ਗਏ ਸਨ, ਉਸ ਦੇ ਮੋਬਾਈਲ ਫੋਨ ਤੋਂ ਹੋਏ ਸਨ। ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਉਸ ਨੇ ਦੱਸਿਆ ਕਿ ਪੁਲਸ ਕਿਹ ਰਹੀ ਹੈ ਕਿ ਇੰਸਟਾਗ੍ਰਾਮ 'ਤੇ ਬਣਾਈ ਗਈ ਆਈਡੀ ਉਸ ਦੀ ਲੜਕੀ ਦੇ ਨੰਬਰ ਤੋਂ ਬਣਾਈ ਗਈ ਹੈ ਅਤੇ ਉਸ ਦੇ ਮੋਬਾਈਲ 'ਤੇ ਇੰਟਰਨੈੱਟ ਦੀ ਵਰਤੋਂ ਕੀਤੀ ਗਈ ਹੈ। ਜਦੋਂ ਕਿ ਬੇਟੀ ਨੇ ਕੁੱਲ੍ਹੜ ਪੀਜ਼ਾ ਵਿਕਰੇਤਾਵਾਂ ਨਾਲ ਸਿਰਫ 1 ਮਹੀਨਾ ਕੰਮ ਕੀਤਾ।
ਇਸ ਦੌਰਾਨ ਇਕ ਦਿਨ ਹਰ ਕਿਸੇ ਦੇ ਫੋਨ ਸਹਿਜ ਅਰੋੜਾ ਕੋਲ ਸਨ। ਬੇਟੀ ਨੇ ਆਪਣੀ ਫੀਸ ਦੇਣ ਲਈ ਇਸ ਰੈਸਟੋਰੈਂਟ 'ਚ ਕੰਮ ਕੀਤਾ ਸੀ।ਉਸ ਨੇ ਦੱਸਿਆ ਸੀ ਕਿ ਬੇਟੀ ਦੀ ਉਮਰ 18 ਸਾਲ ਹੈ ਅਤੇ ਕਾਲਜ 'ਚ ਪੜ੍ਹਦੀ ਹੈ। ਬੇਟੀ ਦੇ ਨਾਲ ਹੀ ਇੱਕ ਨੇਪਾਲੀ ਲੜਕੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।