ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਵਿਆਹ ਤੋਂ ਦੋ ਦਿਨ ਬਾਅਦ ਲਾੜੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪੇਕੇ ਘਰ ਤੋਂ ਫੇਰਾ ਪਾ ਕੇ ਆਈ ਸੀ ਸਹੁਰੇ
ਜਾਣਕਾਰੀ ਸੋਮਵਾਰ 9 ਦਸੰਬਰ ਵਾਲੀ ਰਾਤ ਲਾੜੀ ਦੀ ਲਾਸ਼ ਉਸ ਦੇ ਸਹੁਰੇ ਘਰ 'ਚ ਲਟਕਦੀ ਹੋਈ ਮਿਲੀ। ਲਾੜੀ ਆਪਣੇ ਪੇਕੇ ਘਰੋਂ ਫੇਰੇ ਦੀ ਰਸਮ ਪੂਰੀ ਕਰ ਕੇ ਆਪਣੇ ਸਹੁਰੇ ਘਰ ਪਰਤੀ ਸੀ। ਲਾੜੀ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਥਾਣਾ ਟਿੱਬਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਪਛਾਣ
ਮ੍ਰਿਤਕਾ ਦਾ ਨਾਂ ਆਰਤੀ ਹੈ, ਜਿਸ ਦੀ ਉਮਰ 18 ਸਾਲ ਸੀ। ਇਸ਼ ਸਬੰਧੀ ਪੁਲਸ ਮਾਪਿਆਂ ਤੇ ਸਹੁਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਲੜਕੀ ਨੇ ਇਹ ਕਦਮ ਕਿਉਂ ਚੁੱਕਿਆ ਫਿਲਹਾ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
2 ਦਿਨ ਪਹਿਲਾਂ ਹੋਇਆ ਸੀ ਵਿਆਹ
ਪੁਲਸ ਮੁਤਾਬਕ ਆਰਤੀ ਦਾ ਵਿਆਹ ਦੋ ਦਿਨ ਪਹਿਲਾਂ ਹੀ ਟਿੱਬਾ ਰੋਡ ਸਥਿਤ ਸ਼ਿਵ ਸ਼ੰਕਰ ਕਲੋਨੀ ’ਚ ਤਾਰੀਸ਼ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਤਾਰੀਸ਼ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ। ਐਤਵਾਰ ਨੂੰ ਆਰਤੀ ਧਰਮਪੁਰਾ ਸਥਿਤ ਆਪਣੇ ਪੇਕੇ ਘਰ ਗਈ ਹੋਈ ਸੀ। ਉਹ ਸੋਮਵਾਰ ਨੂੰ ਆਪਣੇ ਸਹੁਰੇ ਘਰ ਪਰਤੀ। ਉਹ ਕੱਪੜੇ ਬਦਲਣ ਦਾ ਕਹਿ ਕੇ ਕਮਰੇ ’ਚ ਚਲੀ ਗਈ। ਕਾਫੀ ਦੇਰ ਤੱਕ ਉਹ ਵਾਪਸ ਨਹੀਂ ਆਈ।
ਕਾਫੀ ਸਮੇਂ ਬਾਅਦ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਦੇਖਣ ਗਏ ਜਦੋਂ ਪਰਿਵਾਰਕ ਮੈਂਬਰਾਂ ਨੇ ਬਾਰੀ 'ਚੋਂ ਦੇਖਿਆ ਤਾਂ ਆਰਤੀ ਨੇ ਫਾਹਾ ਲੈ ਲਿਆ ਸੀ। ਇਸ ਤੋਂ ਬਾਅਦ ਦਰਵਾਜ਼ਾ ਤੋੜਨਾ ਪਿਆ। ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ। ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਪੁਲਸ ਨੂੰ ਸੂਚਿਤ ਕੀਤਾ ਗਿਆ। ਟਿੱਬਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੂੰ ਫਿਲਹਾਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਪੁਲਸ ਕਰ ਰਹੀ ਜਾਂਚ
ਇਸ ਸਬੰਧੀ ਟਿੱਬਾ ਥਾਣੇ ਦੇ ਹੌਲਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਇਸ ਸਬੰਧੀ ਉਸ ਦੇ ਪੇਕਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦੇ ਆਉਣ ਤੋਂ ਬਾਅਦ ਉਸ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।